ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ 100 ਦਿਨ ਪੂਰੇ ਹੋਣ ’ਤੇ ਪੂਰੇ ਭਾਰਤ ਵਿਚ ਜ਼ਿਲ੍ਹਾ ਹੱੈਡ ਕੁਆਰਟਰਾਂ ਅੱਗੇ ਇਕ ਦਿਨ ਲਈ 100 ਜਾਂ ਉਸ ਤੋਂ ਵੱਧ ਕਿਸਾਨਾਂ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਮੂਹਰੇ 100 ਤੋਂ ਵੱਧ ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪੂਰਬੀ ਇਕਬਾਲ ਸਿੰਘ ਸੱਪਾਂ ਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਪੱਛਮੀ ਗੁਰਮੀਤ ਸਿੰਘ ਘੋੜੇ ਚੱਕ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਨ ਲਈ ਹਰ ਰੋਜ਼ਾਨਾ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੀਆਂ ਹਨ ਅਤੇ ਇਸੇ ਤਰ੍ਹਾਂ ਪਹਿਲਾਂ ਭਾਜਪਾ ਦੀ ਸਰਕਾਰ ਵਲੋਂ 2020 ਵਿਚ ਕਿਸਾਨੀ ਉੱਤੇ ਹਮਲਾ ਕਰਦੇ ਹੋਏ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ
ਉਨ੍ਹਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਉੱਪਰ 378 ਦਿਨਾਂ ਤੱਕ ਇਤਿਹਾਸਕ ਸ਼ਾਂਤਮਈ ਕਿਸਾਨ ਅੰਦੋਲਨ-01 ਲੜਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਲੋ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ 9 ਦਸੰਬਰ 2021 ਨੂੰ ਉਨ੍ਹਾਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਲਿਖਤ ਵਿਚ ਚਿੱਠੀ ਦਿੱਤੀ ਗਈ ਸੀ, ਪਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਵਾਅਦਾ ਖ਼ਿਲਾਫ਼ੀ ਕਰਦੇ ਹੋਏ ਉਨ੍ਹਾਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ 26 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਦੋ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਵੇਂ ਫੋਰਮਾ ਵਲੋਂ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਵਲੋ ਸੜਕਾਂ ਉੱਪਰ ਕੰਧਾਂ ਕਰ, ਟੋਏ ਪੁੱਟ, ਸੜਕਾਂ ਵਿੱਚ ਕਿਲਾ ਲਗਾ ਕੇ ਦਿੱਲੀ ਨੂੰ ਜਾਣ ਵਾਲੇ ਰਸਤੇ ਬੰਦ ਕਰਕੇ ਕਿਸਾਨਾ ਉੱਪਰ 13, 14 ਅਤੇ 21 ਫਰਵਰੀ ਨੂੰ ਅੱਥਰੂ ਗੈਸ ਦੇ ਗੋਲੇ, ਰਸਾਇਣਕ ਗੈਸਾਂ, ਮੋਰਟਾਰ ਇੰਜੈਕਟਰ, ਐਸ.ਐਲ.ਆਰ. ਦੀਆਂ ਗੋਲੀਆਂ ਕਿਸਾਨਾਂ ਉੱਪਰ ਵਰਤੀਆ ਗਈਆਂ ਅਤੇ ਸਿੱਧੀ ਗੋਲੀ ਮਾਰ ਕੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਸ਼ਹੀਦ ਨੂੰ ਸ਼ਹੀਦ ਕਰ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਅੱਤਿਆਚਾਰ ਕਾਰਨ ਚਾਰ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, 435 ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ ਅਤੇ ਹਰਿਆਣਾ ਸਰਕਾਰ ਦੇ ਇਸ਼ਾਰੇ ਉੱਪਰ ਉੱਥੋਂ ਦੀ ਪੁਲਿਸ ਫੋਰਸ ਵਲੋਂ ਪ੍ਰਿਤਪਾਲ ਸਿੰਘ ਨੂੰ ਜ਼ਖਮੀ ਕਰਕੇ ਤੇ ਬੋਰੀ ਵਿਚ ਪਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁੱਖੀ ਅਤੇ ਆਪਣੇ ਲੋਕਾਂ ਉੱਪਰ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਨਾਂ ਸਹਾਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਹਰ ਦੁੱਖ ਆਪਣੇ ਸਰੀਰ ਉੱਪਰ ਹੰਡਾਉਣ ਦਾ ਫੈਸਲਾ ਲੈਂਦੇ ਹੋਏ ਕਿਹਾ ਕਿ ਮੇਰਾ ਫਰਜ ਬਣਦਾ ਹੈ ਕਿ ਮੈਂ ਤੁਹਾਡੀ ਜਥੇਬੰਦੀ ਦਾ ਪ੍ਰਧਾਨ ਹਾਂ ਤੇ ਇਸ ਲਈ ਜੇਕਰ ਕੁਰਬਾਨੀ ਦੇਣ ਦੀ ਗੱਲ ਆਈ ਹੈ ਤਾਂ ਫੇਰ ਮੈਂ ਆਪਣੇ ਲੋਕਾਂ ਦੇ ਅੱਗੇ ਲੱਗ ਕੇ ਖੁਦ ਮਰਾਂਗਾ ਅਤੇ ਉਨ੍ਹਾਂ 26 ਨਵੰਬਰ 2024 ਨੂੰ ਮਰਨ ਵਰਤ ’ਤੇ ਬੈਠਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਮਰਨ ਵਰਤ ਉੱਪਰ ਬੈਠਿਆਂ 100 ਦਿਨ ਦੇ ਕਰੀਬ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋਇਆ ਤੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਨਾਂ ਫੋਰਮਾਂ ਵਲੋਂ 5 ਮਾਰਚ ਨੂੰ ਪੂਰੇ ਦੇਸ਼ ਭਰ ਵਿਚ ਹਰ ਇੱਕ ਜ਼ਿਲ੍ਹਾ ਹੈਡਕੁਆਰਟਰ ਦੇ ਅੱਗੇ 100 ਕੁ ਕਿਸਾਨਾਂ ਦੇ ਜਥਿਆਂ ਵੱਲੋਂ ਇੱਕ ਦਿਨ ਲਈ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਕੀਤੇ ਗਏ ਐਲਾਨ ਮੁਤਾਬਕ ਅੱਜ 600 ਤੋਂ ਵੱਧ ਕਿਸਾਨਾਂ ਤੇ ਕਿਸਾਨ ਬੀਬੀਆਂ ਵੱਲੋਂ ਫਰੀਦਕੋਟ ਵਿਖੇ ਭੁੱਖ ਹੜਤਾਲ ਉੱਪਰ ਬੈਠ ਕੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਖਨੌਰੀ ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਅੰਦੋਲਨ ਚੱਲਦੇ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਅਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਾਵਾਂ ਅਤੇ ਭੈਣਾਂ ਵੱਲੋਂ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈ ਅਤੇ ਇਤਿਹਾਸ ਗਵਾਹ ਹੈ ਜਦੋਂ ਜੰਗੇ ਮੈਦਾਨ ਵਿੱਚ ਜੂਝਣ ਦੀ ਗੱਲ ਆਈ ਤਾਂ ਮਾਈ ਭਾਗੋ ਵੱਲੋਂ ਜੰਗੇ ਮੈਦਾਨ ਵਿਚ ਆਪਣੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਨੂੰ ਲੜਿਆ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਵਿੱਚ ਕੀਤੇ ਗਏ ਦੁਰਵਿਵਹਾਰ ਦੀ ਕੜੇ ਸ਼ਬਦਾਂ ਵਿੱਚ ਨਿੰਦਿਆਂ ਤੇ ਨਿਖੇਦੀ ਕਰਦੇ ਹੋਏ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਦੇ ਮੁੱਖ ਮੰਤਰੀ ਨੂੰ ਹੁਣ ਲੋਕਾਂ ਦੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਲੱਗ ਡਰ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਇਹ ਭੁੱਲ ਰਹੇ ਹਨ ਕਿ ਇਹ ਉਹ ਹੀ ਲੋਕ ਹਨ, ਜਿਨ੍ਹਾਂ ਦੇ ਵਿੱਚ ਜਾ ਕੇ ਉਹ ਸੜਕਾਂ ਉੱਤੇ ਬੈਠ ਦੇ ਹੁੰਦੇ ਸਨ ਅਤੇ ਇਹ ਉਹ ਹੀ ਲੋਕ ਹਨ, ਜਿਨ੍ਹਾਂ ਨਾਲ ਉਨ੍ਹਾਂ ਵਲੋਂ ਵੱਖ-ਵੱਖ ਸਮੇਂ ਦੌਰਾਨ ਮੀਟਿੰਗਾਂ ਕਰਕੇ ਮੰਗਾਂ ਮੰਨਣ ਦਾ ਐਲਾਨ ਕੀਤੇ ਗਏ ਸਨ ਅਤੇ ਮੀਡੀਆ ਦੇ ਵਿੱਚ ਆ ਕੇ ਇਸ ਸਬੰਧੀ ਮੁੱਖ ਮੰਤਰੀ ਵਲੋਂ ਬਿਆਨ ਵੀ ਦਿੱਤੇ ਸਨ ਅਤੇ ਇਹ ਉਹ ਹੀ ਮੰਗਾਂ ਹਨ, ਜਿਨ੍ਹਾਂ ਨੂੰ ਯਾਦ ਕਰਵਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਾਰ–ਵਾਰ ਧਰਨੇ ਲਗਾਉਣੇ ਪੈਂਦੇ ਹਨ ਅਤੇ ਇਹ ਉਹ ਹੀ ਮੰਗਾਂ ਹਨ ਜਿਹੜੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਹਨ, ਪਰ ਤੁਸੀਂ ਲਾਗੂ ਨਹੀਂ ਕੀਤੀਆਂ ਗਈਆਂ।
ਇਸ ਮੌਕੇ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਵਾਈਸ ਪ੍ਰਧਾਨ ਫ਼ਿਰੋਜ਼ਪੁਰ,ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਰਣਜੀਤ ਸਿੰਘ ਪ੍ਰੈੱਸ ਸਕੱਤਰ, ਜੱਜ ਸਿੰਘ ਸਲਾਹਕਾਰ , ਸਾਹਬ ਸਿੰਘ ਯੂਥ ਆਗੂ, ਮੱਘਰ ਸਿੰਘ, ਸ਼ਿੰਦਰਪਾਲ ਸਿੰਘ ਇਕਾਈ ਪ੍ਰਧਾਨ, ਫ਼ਲਕ ਸਿੰਘ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ, ਜਗਦੀਸ਼ ਲਾਲ ਬੱਟੀ, ਡਾ: ਸਤਪਾਲ ਸਿੰਘ, ਅਮਰ ਸਿੰਘ, ਜੱਸਾ ਸਿੰਘ ਮਾਛੀਵਾੜਾ ਆਦਿ ਆਗੂ ਹਾਜ਼ਰ ਸਨ।














