Sell-Aid Desk 24/70- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨਤੀਜੇ ਆਉਦਿਆਂ ਹੀ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬਿਆਨ ਨੇ ਪੰਥਕ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ।
ਇਯਾਲੀ ਦੇ ਬਿਆਨ ਨਾਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਹੈਰਾਨ ਹਨ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਗਾਮੀ ਦਿਨਾਂ ਵਿਚ ਮੀਟਿੰਗ ਬੁਲਾ ਸਕਦੇ ਹਨ। ਉਧਰ ਇਯਾਲੀ ਦੇ ਇਸ ਬਿਆਨ ਨਾਲ ਅਕਾਲੀ ਦਲ ਬਾਦਲ ਧੜ੍ਹਾ ਬਾਗੋਬਾਗ ਹੈ। ਸਿਆਸੀ ਹਲਕਿਆਂ ਵਿਚ ਇਯਾਲੀ ਦੇ ਇਸ ਬਿਆਨ ਨੂੰ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਲਈ ਵੱਡੇ ਝਟਕੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਅਕਾਲੀ ਨੇਤਾ ਮਨਪ੍ਰੀਤ ਇਯਾਲੀ ਨੇ ਐਲਾਨ ਕੀਤਾ ਕਿ ਉਸ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਪਸ਼ਟ ਰੂਪ ਵਿਚ ਕਿਹਾ ਕਿ ਉਹ ਅਕਾਲੀ ਦਲ (ਪੁਨਸੁਰਜੀਤ) ਦਾ ਮੈਂਬਰ ਨਹੀਂ। ਇਯਾਲੀ ਦਾ ਕਹਿਣਾ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਹੁਕਮ ਮੁਤਾਬਕ ਭਰਤੀ ਕਮੇਟੀ ਦੇ ਮੈਂਬਰ ਸਨ ਅਤੇ ਅਕਾਲੀ ਦਲ ਲਈ ਭਰਤੀ ਕੀਤੀ ਸੀ। ਹਾਲਾਂਕਿ ਇਯਾਲੀ ਨੇ ਕਿਸੇ ਪਾਰਟੀ ਨਾਲ ਨਾ ਜੁ਼ੜੇ ਹੋਣ ਦੀ ਗੱਲ ਕਹੀ ਹੈ ਪਰ ਕਾਨੂੰਨੀ ਤੇ ਸੰਵਿਧਾਨਕ ਤੌਰ ’ਤੇ ਵਿਧਾਨ ਸਭਾ ਵਿਚ ਅੱਜ ਵੀ ਉਹ ਸ੍ਰੋਮਣੀ ਅਕਾਲੀ ਦਲ ਦਾ ਵਿਧਾਇਕ ਅਤੇ ਪਾਰਟੀ ਦੇ ਗਰੁੱਪ ਨੇਤਾ ਹਨ।ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਨੇ ਭਾਵੇਂ ਆਪਣੇ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਜਿੱਤੀਆਂ ਹਨ, ਪਰ ਉਹ ਸੂਬੇ ਵਿਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਤੀਜਿਆਂ ਤੋਂ ਖੁਸ਼ ਨਹੀਂ ਹਨ, ਜਿਸ ਕਰ ਕੇ ਉਨ੍ਹਾਂ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰ ਲਿਆ ਹੈ। ਓਧਰ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਮਹੀਨੇ ਦੇਰ ਨਾਲ ਸਹੀ ਫੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਹੋਰ ਆਗੂ ਜੋ ਵੱਖ ਹੋਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ।
ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਇਯਾਲੀ ਅਜਿਹਾ ਪਲੇਟਫਾਰਮ ਬਣਾਉਣਾ ਚਾਹੁੰਦਾ ਹੈ ਜਿੱਥੇ ਸਾਰੇ ਅਕਾਲੀ ਦਲ ਇਕਜੁੱਟ ਹੋ ਕੇ ਆਪਣੇ ਤਰੀਕੇ ਨਾਲ ਮਿਲਣ ਵਾਲੀਆਂ ਸੀਟਾਂ ‘ਤੇ ਚੋਣ ਲੜਣ ਸਕਣ। ਇਹੀ ਕਾਰਨ ਹੈ ਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਪਨਰ ਸੁਰਜੀਤ ਤੋਂ ਦੂਰੀ ਬਣਾਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਅੰਦਰ ਸਭ ਕੁੱਝ ਅੱਛਾ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਕੁਝ ਆਗੂਆਂ ਦੇ ਹੋਰਨਾਂ ਪਾਰਟੀਆਂ ਵਿਚ ਜਾਣ ਦੀਆਂ ਖ਼ਬਰਾਂ ਮੀਡੀਆਂ ਦੇ ਇਕ ਹਿੱਸੇ ਵਿਚ ਪ੍ਰਕਾਸ਼ਤ ਹੋਈਆਂ ਸਨ।













