ਡੇਢ ਕਰੋੜ ਦੀ ਲਾਟਰੀ ਨਿਕਲੀ, ਡਰ ਦੇ ਸਾਏ ‘ਚ ਪੂਰਾ ਪਰਿਵਾਰ, ਦੇਖੋ ਕਿਉਂ?

65

Sell-Aid Desk24/7- ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਖੇਤੀਬਾੜੀ ਮਜ਼ਦੂਰੀ ਕਰਨ ਵਾਲੀ ਨਸੀਬ ਕੌਰ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ, ਜਦੋਂ ਉਸਦੇ ਨਾਮ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ। ਉਹ ਸੈਦੇਕੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸਦਾ ਪਰਿਵਾਰ ਕਾਫੀ ਗਰੀਬੀ ਵਿੱਚ ਜੀਵਨ ਬਿਤਾਉਂਦਾ ਸੀ। ਨਸੀਬ ਕੌਰ ਦੇ ਪਤੀ ਰਾਮ ਸਿੰਘ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ, ਪਰ ਇਸ ਵਾਰ ਉਹਨਾਂ ਨੇ ਪਤਨੀ ਦੇ ਨਾਮ ’ਤੇ 200 ਰੁਪਏ ਦੀ ਮੰਥਲੀ ਟਿਕਟ ਲਈ ਤੇ ਲਾਟਰੀ ਲੱਗ ਗਈ।

ਪਰ ਖੁਸ਼ੀ ਦੀ ਇਹ ਘੜੀ ਡਰ ਵਿੱਚ ਬਦਲ ਗਈ ਹੈ, ਕਿਉਂਕਿ ਪੰਜਾਬ ਵਿੱਚ ਲਾਟਰੀ ਜੇਤੂ ਹਾਲਾਂਕਿ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਰਹੇ ਹਨ। ਨਸੀਬ ਕੌਰ ਅਤੇ ਉਸਦੇ ਪਰਿਵਾਰ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਕਿਤੇ ਉਹ ਵੀ ਧਮਕੀਆਂ ਦਾ ਨਿਸ਼ਾਨਾ ਨਾ ਬਣ ਜਾਣ।

“ਘਰ ਜਾਣ ਤੋਂ ਵੀ ਡਰ ਲੱਗ ਰਿਹਾ ਹੈ”: ਨਸੀਬ ਕੌਰ

ਨਸੀਬ ਕੌਰ ਨੇ ਦੱਸਿਆ ਕਿ ਜਦ ਉਹ ਇਨਾਮ ਕਲੇਮ ਕਰਨ ਲਈ ਚੰਡੀਗੜ੍ਹ ਲਾਟਰੀ ਦਫ਼ਤਰ ਪਹੁੰਚੇ, ਤਾਂ ਉੱਥੇ ਸੁਣਿਆ ਕਿ ਹੋਰ ਲਾਟਰੀ ਜੇਤੂਆਂ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੇ ਕਾਲ ਆਏ ਹਨ। ਉਹ ਕਹਿੰਦੀ ਹੈ ਕਿ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਲਈ ਵੀ ਖਤਰਾ ਮਹਿਸੂਸ ਹੋਣ ਲੱਗ ਪਿਆ।
ਉਸਦੇ ਪਤੀ ਰਾਮ ਸਿੰਘ ਨੇ ਕਿਹਾ ਕਿ ਉਹ ਪਹਿਲੀ ਵਾਰ ਚੰਡੀਗੜ੍ਹ ਆਏ ਹਨ ਅਤੇ ਕਿਸੇ ਨੂੰ ਨਹੀਂ ਜਾਣਦੇ। “ਦਫ਼ਤਰ ਵਿੱਚ ਜਦੋਂ ਸੁਣਿਆ ਕਿ ਜੇਤੂਆਂ ਨੂੰ ਕਾਲਾਂ ਆ ਰਹੀਆਂ ਹਨ, ਤਾਂ ਸਾਨੂੰ ਵੀ ਡਰ ਲੱਗਣ ਲੱਗ ਪਿਆ। ਹੁਣ ਅਸੀਂ ਪਰਿਵਾਰ ਸਮੇਤ ਜਮੀਦਾਰ ਦੇ ਘਰ ਹੀ ਰਹਾਂਗੇ,” ਉਹਨਾਂ ਨੇ ਕਿਹਾ।

ਲਾਟਰੀ ਜੇਤੂ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਕਿਉਂ?

ਹਾਲ ਹੀ ਵਿੱਚ ਜੈਪੁਰ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ਵੀ 11 ਕਰੋੜ ਦੀ ਲਾਟਰੀ ਜਿੱਤੀ ਸੀ। ਉਹ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਲਾਟਰੀ ਨਿਕਲਣ ਤੋਂ ਬਾਅਦ ਉਹਨਾਂ ਨੂੰ ਵੀ ਗੈਂਗਸਟਰਾਂ ਵੱਲੋਂ ਫ਼ਿਰੌਤੀ ਦੀਆਂ ਧਮਕੀਆਂ ਮਿਲੀਆਂ। ਉਹ ਡਰ ਦੇ ਮਾਰੇ ਚੰਡੀਗੜ੍ਹ ਲਾਟਰੀ ਦਫ਼ਤਰ ਜਾਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਲਾਟਰੀ ਦਫ਼ਤਰ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਅਮਿਤ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਹਨ, ਪਰ ਡਰ ਕਰਕੇ ਉਹਨਾਂ ਨੇ ਕਾਲ ਕਰਨ ਵਾਲੇ ਲੋਕਾਂ ਦੇ ਨਾਮ ਨਹੀਂ ਦੱਸੇ।