ਤਿੰਨ ਭਰਾਵਾਂ ਨੇ ਨਸ਼ਾ ਤਸਕਰੀ ਨਾਲ ਬਣਾਈ ਜਾਇਦਾਦ, ਪੁਲਿਸ ਨੇ ਮਿੰਟਾਂ-ਸਕਿੰਟਾਂ ‘ਚ ਹੀ ਮਲਬੇ ‘ਚ ਕੀਤੀ ਤਬਦੀਲ

43

ਨਸ਼ਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦਸਦੀਏ ਕਿ ਸੂਬੇ ਦੇ ਵਿੱਚ ਨਸ਼ਿਆਂ ‘ਤੇ ਠੱਲ ਪਾਉਣ ਦੇ ਲਈ ਸਰਕਾਰ ਦੇ ਵੱਲੋਂ ਅਜਿਹਾ ਸਖ਼ਤ ਐਕਸ਼ਨ ਲਿਆ ਗਿਆ ਹੈ। ਪੁਲਿਸ ਦੇ ਵੱਲੋਂ ਹੁਣ ਤੱਕ ਕਈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਕਈ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰ ਦੇ ਨਾਲ ਢਾਹ ਦਿੱਤਾ ਗਿਆ। ਪੁਲਿਸ ਨੇ ਅੱਜ ਪੰਜਾਬ ਦੇ ਜਲੰਧਰ ਵਿੱਚ ਭਾਰਗਵ ਕੈਂਪ ਵਿੱਚ ਸਥਿਤ ਸ਼੍ਰੀ ਕਬੀਰ ਮੰਦਿਰ ਨੇੜੇ ਤਿੰਨ ਬਦਨਾਮ ਨਸ਼ਾ ਤਸਕਰ ਭਰਾਵਾਂ ਦੇ ਘਰਾਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਤਸਕਰ ਮੌਲਾ ਦੇ ਤਿੰਨੇ ਭਰਾ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ। ਅੱਜ ਸਵੇਰੇ ਭਾਰਗਵ ਕੈਂਪ ਵਿੱਚ ਪੁਲਿਸ ਨੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਬੁਲਡੋਜ਼ਰ ਬੁਲਾ ਕੇ ਤਿੰਨੇ ਨਸ਼ਾ ਤਸਕਰ ਭਰਾਵਾਂ ਦੇ ਘਰ ਢਾਹ ਦਿੱਤੇ ਗਏ। ਮੌਕੇ ‘ਤੇ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਤਿਆਰ ਸੀ ਕਿ ਹਾਲਾਤ ਹੋਰ ਨਾ ਵਿਗੜਨ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਗਵ ਕੈਂਪ ਵਾਸੀ ਵਰਿੰਦਰ ਸਿੰਘ ਉਰਫ਼ ਮੌਲਾ, ਉਸ ਦਾ ਭਰਾ ਰੋਹਿਤ ਅਤੇ ਜਤਿੰਦਰ ਤਿੰਨੋਂ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਹਨ। ਇਨ੍ਹਾਂ ਤਿੰਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਵੀ ਉਹ ਨਸ਼ਾ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਸਨ। ਜਿਸ ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਉਕਤ ਤਿੰਨਾਂ ਭਰਾਵਾਂ ਖਿਲਾਫ ਕਾਰਵਾਈ ਕੀਤੀ ਗਈ। ਉਕਤ ਤਿੰਨੋ ਮੁਲਜ਼ਮਾਂ ਦੇ ਖਿਲਾਫ 15 ਦੇ ਕਰੀਬ ਮਾਮਲੇ ਦਰਜ ਹਨ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਬਦਨਾਮ ਸਮੱਗਲਰ ਵਰਿੰਦਰ ਸਿੰਘ ਉਰਫ਼ ਮੌਲਾ ਹੈ। ਨਸ਼ੇ ਦਾ ਸਾਰਾ ਧੰਦਾ ਉਸ ਦੀ ਨਿਗਰਾਨੀ ਹੇਠ ਚੱਲਦਾ ਹੈ। ਇਸ ਦੇ ਨਾਲ ਹੀ ਤਿੰਨਾਂ ਭਰਾਵਾਂ ਖ਼ਿਲਾਫ਼ ਅੱਧੀ ਦਰਜਨ ਦੇ ਕਰੀਬ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਮੁਲਜ਼ਮ ਨੂੰ ਪਿਛਲੀਆਂ ਸੰਸਦੀ ਚੋਣਾਂ ਦੌਰਾਨ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।