ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਬਾਰੇ ਵੱਡੀ ਅਪਡੇਟ…

51

ਦਿੱਲੀ ਨੂੰ ਅੰਮ੍ਰਿਤਸਰ ਅਤੇ ਕਟੜਾ ਨਾਲ ਜੋੜਨ ਵਾਲਾ 650 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। 8 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਚਾਰ ਮਾਰਗੀ ਹਾਈਵੇਅ ਅਜੇ ਤੱਕ ਤਿਆਰ ਨਹੀਂ ਹੋ ਸਕਿਆ ਹੈ। ਇਹ ਹਾਈਵੇਅ ਜੰਮੂ ਦੇ ਉੱਤਰ ਵਿੱਚ ਕਟੜਾ ਨੂੰ ਦਿੱਲੀ ਦੇ ਨੇੜੇ ਝੱਜਰ ਜ਼ਿਲ੍ਹੇ ਦੇ ਜਸੌਰ ਖੇੜੀ ਕੋਲੋਂ ਜੋੜਦਾ ਹੈ। ਇਸ ਹਾਈਵੇਅ ਨੂੰ ਬਣਾਉਣ ਵਿੱਚ ਹੋਈ ਦੇਰੀ ਕਾਰਨ ਲਾਗਤ ਵੀ ਵਧ ਗਈ ਹੈ। ਪਹਿਲਾਂ ਇਸ ਹਾਈਵੇਅ ਦੀ ਲਾਗਤ 25 ਹਜ਼ਾਰ ਕਰੋੜ ਰੁਪਏ ਸੀ, ਹੁਣ ਇਹ ਵਧ ਕੇ 35,406 ਕਰੋੜ ਰੁਪਏ ਹੋ ਗਈ ਹੈ।

ਕੇਂਦਰ ਸਰਕਾਰ ਹੁਣ ਇਸ ਐਕਸਪ੍ਰੈਸਵੇਅ ਨੂੰ ਪੂਰਾ ਕਰਨ ਲਈ ਹਰਕਤ ਵਿਚ ਆ ਗਈ ਹੈ। ਇਸ ਬਾਰੇ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ। ਕਿਸਾਨਾਂ ਨਾਲ ਮੁਆਵਜ਼ੇ ਸਬੰਧੀ ਰੇੜਕੇ ਨੂੰ ਖਤਮ ਲਈ ਅਧਿਕਾਰੀਆਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ। ਕੁਝ ਥਾਵਾਂ ਉਤੇ ਮੁਆਵਜ਼ੇ ਵਿਚ ਵਾਧਾ ਵੀ ਕੀਤਾ ਗਿਆ ਹੈ। ਇਸ ਸਬੰਧੀ ਕਈ ਕਿਸਾਨਾਂ ਨੇ ਅਦਾਲਤ ਤੱਕ ਵੀ ਪਹੁੰਚ ਕੀਤੀ ਹੈ। ਇਸ ਸਬੰਧੀ ਵੀ ਛੇਤੀ ਫੈਸਲਾ ਆ ਸਕਦਾ ਹੈ। ਕੁੱਲ ਮਿਲਾ ਕੇ ਸਰਕਾਰ ਮੁਆਵਜ਼ਾ ਵਧਾ ਕੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਜੁਟ ਗਈ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਐਕੁਆਇਰ ਜ਼ਮੀਨ ਦਾ ਤਕਰੀਬਨ 59 ਲੱਖ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਮਿਲਿਆ ਹੈ, ਜਦ ਕਿ ਕਿਸਾਨ ਇਕ ਕਰੋੜ ਰੁਪਏ ਦੀ ਮੰਗ ਕਰ ਰਹੇ ਹਨ। ਹੁਣ ਚਰਚਾ ਹੈ ਕਿ 80 ਲੱਖ ਰੁਪਏ ਤੱਕ ਗੱਲ ਬਣ ਸਕਦੀ ਹੈ।

ਇਸ ਹਾਈਵੇ ਨੂੰ ਦੋ ਤਰੀਕਿਆਂ ਨਾਲ ਬਣਾਇਆ ਜਾ ਰਿਹਾ ਹੈ। ਕੁਝ ਹਿੱਸਾ ਪਹਿਲਾਂ ਤੋਂ ਬਣੀਆਂ ਸੜਕਾਂ ਨੂੰ ਚੌੜਾ ਕਰਕੇ ਅਤੇ ਕੁਝ ਹਿੱਸੇ ਨੂੰ ਨਵੀਆਂ ਸੜਕਾਂ ਬਣਾ ਕੇ ਬਣਾਇਆ ਜਾਵੇਗਾ। ਇਸ ਪੂਰੇ ਪ੍ਰਾਜੈਕਟ ਵਿੱਚ ਕੁੱਲ 17 ਹਿੱਸੇ ਅਤੇ 3 ਛੋਟੀਆਂ ਸੜਕਾਂ ਸ਼ਾਮਲ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ NHAI ਦਾ ਇੱਕ ਵੱਡਾ ਪ੍ਰੋਜੈਕਟ ਹੈ, ਪਰ ਇਹ ਕਈ ਰਾਜਾਂ ਵਿੱਚ ਜ਼ਮੀਨ ਗ੍ਰਹਿਣ ਦੀ ਸਮੱਸਿਆ ਵਿੱਚ ਫਸਿਆ ਹੋਇਆ ਹੈ। ਕਿਉਂਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਰਿਹਾ, ਉਹ ਆਪਣੀ ਜ਼ਮੀਨ ਨਹੀਂ ਦੇ ਰਹੇ।

ਹਰਿਆਣਾ ਵਿੱਚੋਂ ਲੰਘਦੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਦਾ ਹਿੱਸਾ ਤਿਆਰ ਹੈ। ਇਹ ਐਕਸਪ੍ਰੈਸਵੇਅ 113 ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਬਣਨ ਤੋਂ ਬਾਅਦ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਉਮੀਦ ਹੈ ਕਿ ਦੀਵਾਲੀ ਤੋਂ ਬਾਅਦ ਇਹ ਐਕਸਪ੍ਰੈੱਸ ਵੇਅ ਸ਼ੁਰੂ ਹੋ ਜਾਵੇਗਾ। ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਨਿਰਮਾਣ NHAI ਦੁਆਰਾ ਕੀਤਾ ਜਾ ਰਿਹਾ ਹੈ। ਇਸ ਦੀ ਕੁੱਲ ਲੰਬਾਈ 669 ਕਿਲੋਮੀਟਰ ਹੈ। ਇਸ ਦੀ ਉਸਾਰੀ ਦਾ ਕੰਮ ਕਈ ਹਿੱਸਿਆਂ ਵਿੱਚ ਚੱਲ ਰਿਹਾ ਹੈ। ਇਸ ਦੀ ਉਸਾਰੀ ਦਾ ਕੰਮ ਸੋਨੀਪਤ ਤੋਂ ਲੈ ਕੇ ਹਰਿਆਣਾ ਦੀ ਪੰਜਾਬ ਸਰਹੱਦ ਤੱਕ ਪੂਰਾ ਹੋ ਚੁੱਕਾ ਹੈ।

ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਅ ਸੋਨੀਪਤ ਜ਼ਿਲ੍ਹੇ ਦੇ ਲਹਿਕਨ ਮਾਜਰਾ ਅਤੇ ਗੋਹਾਨਾ, ਰੋਹਤਕ ਦੇ ਹਸਨਗੜ੍ਹ, ਸਾਂਪਲਾ-ਖਰਖੌਦਾ, ਝੱਜਰ ਜ਼ਿਲ੍ਹਾ-ਜਸੌਰ ਖੇੜੀ, ਜੀਂਦ ਅਤੇ ਅਸੰਧ, ਕੈਥਲ-ਨਰਵਾਣਾ-ਪਾਤੜਾਂ ਵਿੱਚੋਂ ਲੰਘੇਗਾ।

ਪੰਜਾਬ ‘ਚ ਵੱਧ ਹਿੱਸਾ:  ਪੂਰੇ 650 ਕਿਲੋਮੀਟਰ ਲੰਬੇ ਐਕਸਪ੍ਰੈੱਸ ਵੇਅ ਵਿਚੋਂ 361.656 ਕਿਲੋਮੀਟਰ ਪੰਜਾਬ ‘ਚ ਬਣਨਾ ਹੈ। ਇਸ ਐਕਸਪ੍ਰੈਸਵੇਅ ਦੇ ਨਵੇਂ ਬਣੇ ਹਿੱਸੇ (ਗ੍ਰੀਨਫੀਲਡ ਸੈਕਸ਼ਨ) ਨੂੰ 15 ਪੈਕੇਜਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ 12 ਪੈਕੇਜ 397 ਕਿਲੋਮੀਟਰ ਲੰਬੇ ਦਿੱਲੀ-ਗੁਰਦਾਸਪੁਰ ਸੈਕਸ਼ਨ ਉਤੇ ਹਨ ਅਤੇ 3 ਪੈਕੇਜ 99 ਕਿਲੋਮੀਟਰ ਲੰਬੇ ਨਕੋਦਰ-ਅੰਮ੍ਰਿਤਸਰ ਸੈਕਸ਼ਨ ‘ਤੇ ਹਨ।

ਪੰਜਾਬ ਵਿੱਚ ਬਣਨ ਵਾਲੇ 650 ਕਿਲੋਮੀਟਰ ਐਕਸਪ੍ਰੈਸਵੇਅ ਦਾ ਹਿੱਸਾ ਪਟਿਆਲਾ ਨੇੜੇ ਪਿੰਡ ਗਲੋਲੀ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਬਾਈਪਾਸ ’ਤੇ ਸਮਾਪਤ ਹੋਵੇਗਾ। ਅੰਮ੍ਰਿਤਸਰ (ਗਰੀਨਫੀਲਡ ਕਨੈਕਟੀਵਿਟੀ) ਨੂੰ ਜੋੜਨ ਵਾਲੀ ਨਵੀਂ ਬਣੀ ਸੜਕ ਨਕੋਦਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ-ਅਜਨਾਲਾ ਰੋਡ ’ਤੇ ਨਹਿਰ ਦੇ ਕੋਲ ਸਮਾਪਤ ਹੋਵੇਗੀ। ਪੰਜਾਬ ਵਿੱਚ ਬਣਨ ਵਾਲੇ ਐਕਸਪ੍ਰੈਸ ਵੇਅ ਦਾ ਰੂਟ ਲੁਧਿਆਣਾ, ਪਟਿਆਲਾ, ਸੰਗਰੂਰ, ਜਲੰਧਰ, ਕਪੂਰਥਲਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਅੰਮ੍ਰਿਤਸਰ ਨੂੰ ਜੋੜਨ ਵਾਲੇ ਨਵੇਂ ਰੂਟ ਦਾ ਰੂਟ ਜਲੰਧਰ, ਕਪੂਰਥਲਾ, ਤਰਨਤਾਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚੋਂ ਲੰਘੇਗਾ।

ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਵਿਚਕਾਰ ਦੂਰੀ ਕਰੀਬ 40 ਕਿਲੋਮੀਟਰ ਘੱਟ ਜਾਵੇਗੀ। ਨਾਲ ਹੀ, ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਟਾਈਮ 4-4.5 ਘੰਟੇ ਅਤੇ ਦਿੱਲੀ ਤੋਂ ਕਟੜਾ ਦਾ ਸਫਰ ਟਾਈਮ 6-6.5 ਘੰਟੇ ਹੋਵੇਗਾ।

ਇਹ ਚਾਰ ਮਾਰਗੀ ਹਾਈਵੇਅ ਬਣ ਰਿਹਾ ਹੈ, ਇਸ ਨੂੰ ਹੋਰ ਚੌੜਾ ਕਰਕੇ ਅੱਠ ਮਾਰਗੀ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਇੱਕ ਵਿਸ਼ੇਸ਼ ਵਿਧੀ ਵਰਤੀ ਜਾ ਰਹੀ ਹੈ ਜਿਸ ਨੂੰ ਹਾਈਬ੍ਰਿਡ ਐਨੂਇਟੀ ਮਾਡਲ (HAM) ਕਿਹਾ ਜਾਂਦਾ ਹੈ। ਇਹ ਹਾਈਵੇਅ ਪੰਜਾਬ, ਹਰਿਆਣਾ ਅਤੇ ਜੰਮੂ ਵਿੱਚੋਂ ਲੰਘੇਗਾ। ਇਸ ਨਾਲ ਕਈ ਵੱਡੇ ਸ਼ਹਿਰਾਂ ਨੂੰ ਜੋੜਨਾ ਆਸਾਨ ਹੋ ਜਾਵੇਗਾ। ਪੁਰਾਣੇ ਨੈਸ਼ਨਲ ਹਾਈਵੇਅ ਤੋਂ ਵਾਹਨਾਂ ਦੀ ਆਵਾਜਾਈ ਘੱਟ ਜਾਵੇਗੀ, ਕਿਉਂਕਿ ਜ਼ਿਆਦਾਤਰ ਵਾਹਨ ਇਸ ਨਵੇਂ ਐਕਸਪ੍ਰੈੱਸ ਵੇਅ ਉਤੇ ਚੱਲਣਗੇ। ਇਸ ਨਾਲ ਪੁਰਾਣੀਆਂ ਸੜਕਾਂ ‘ਤੇ ਜਾਮ ਘੱਟ ਹੋਣਗੇ ਅਤੇ ਗੱਡੀ ਚਲਾਉਣ ਲਈ ਘੱਟ ਪੈਸੇ ਖਰਚ ਹੋਣਗੇ (ਈਂਧਨ ਦੀ ਬਚਤ ਹੋਵੇਗੀ) ਅਤੇ ਸਮਾਂ ਵੀ ਘੱਟ ਲੱਗੇਗਾ।