Sell-Aid Desk 24/7- ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਭਾਰਤੀ ਡਾਕ ਕਈ ਵੱਡੇ ਬਦਲਾਅ ਕਰਨ ਜਾ ਰਿਹਾ ਹੈ। 1 ਜਨਵਰੀ 2026 ਤੋਂ ਕੁਝ ਚੋਣਵੀਆਂ ‘ਆਊਟਵਰਡ ਇੰਟਰਨੈਸ਼ਨਲ ਲੈਟਰ ਮੇਲ’ (ਬਾਹਰਲੇ ਦੇਸ਼ਾਂ ਨੂੰ ਜਾਣ ਵਾਲੀ ਡਾਕ) ਸੇਵਾਵਾਂ ਨੂੰ ਬੰਦ ਕਰਨ ਦੀ ਤਿਆਰੀ ਹੈ।
ਇਸ ਸਬੰਧੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਸੁਧਾਰਾਂ ਦਾ ਮਕਸਦ ਡਾਕ ਸੇਵਾਵਾਂ ਨੂੰ ਬਦਲਦੇ ਗਲੋਬਲ ਈ-ਕਾਮਰਸ ਮਿਆਰਾਂ (Standards) ਦੇ ਅਨੁਕੂਲ ਬਣਾਉਣਾ ਹੈ। ਇਸ ਤੋਂ ਇਲਾਵਾ ਗਾਹਕਾਂ ਦੇ ਅਨੁਭਵ, ਸੇਵਾ ਦੀ ਭਰੋਸੇਯੋਗਤਾ, ਟਰੈਕਿੰਗ ਸਹੂਲਤ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣਾ ਵੀ ਇਸ ਦਾ ਮੁੱਖ ਉਦੇਸ਼ ਹੈ। ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਮੁਹਿੰਮ ਤਹਿਤ ਡਾਕ ਵਿਭਾਗ ਨੇ ਕੁਝ ਅੰਤਰਰਾਸ਼ਟਰੀ ਲੈਟਰ ਪੋਸਟ ਸੇਵਾਵਾਂ ਨੂੰ ਤਰਕਸੰਗਤ (Rationalize) ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸੂਚੀ ਵਿੱਚ ਉਨ੍ਹਾਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਟਰੈਕਿੰਗ ਦੀ ਸਹੂਲਤ ਜਾਂ ਤਾਂ ਬਿਲਕੁਲ ਨਹੀਂ ਹੈ ਜਾਂ ਫਿਰ ਬਹੁਤ ਸੀਮਤ ਹੈ।
ਭਾਰਤੀ ਡਾਕ ਵਿੱਚ ਇਹ ਸੇਵਾਵਾਂ ਹੋਣਗੀਆਂ ਬੰਦ:
ਰਜਿਸਟਰਡ ਸਮਾਲ ਪੈਕੇਟ ਸੇਵਾਵਾਂ: ਯੂਨੀਵਰਸਲ ਪੋਸਟਲ ਯੂਨੀਅਨਾਂ ਦੇ ਨਵੇਂ ਫੈਸਲਿਆਂ ਅਨੁਸਾਰ, 1 ਜਨਵਰੀ ਤੋਂ ਇਹ ਸੇਵਾਵਾਂ ਬੰਦ ਹੋ ਜਾਣਗੀਆਂ।
ਛੋਟੇ ਪੈਕੇਟ ਸੇਵਾਵਾਂ: ਦੂਜੇ ਦੇਸ਼ਾਂ ਨੂੰ ਸਮੁੰਦਰੀ ਜਾਂ ਹਵਾਈ ਮਾਰਗ ਰਾਹੀਂ ਭੇਜੇ ਜਾਣ ਵਾਲੇ ਛੋਟੇ ਪੈਕੇਟ ਅਤੇ ਹੋਰ ਸਮੱਗਰੀ ਭੇਜਣ ਦੀ ਸਹੂਲਤ ਵੀ ਬੰਦ ਹੋ ਜਾਵੇਗੀ।
ਸਰਫੇਸ ਲੈਟਰ ਮੇਲ ਸੇਵਾ: ਬਾਹਰੀ ਡਾਕ ਵਸਤੂਆਂ ਲਈ ‘ਸਰਫੇਸ ਲੈਟਰ ਮੇਲ’ ਅਤੇ ‘ਸਰਫੇਸ ਏਅਰ ਲਿਫਟਡ ਲੈਟਰ ਮੇਲ’ ਸੇਵਾ ਵੀ ਬੰਦ ਕਰ ਦਿੱਤੀ ਜਾਵੇਗੀ।
ਸਰਕਾਰ ਨੇ ਇਹ ਕਦਮ ਕਈ ਚੁਣੌਤੀਆਂ ਨਾਲ ਨਜਿੱਠਣ ਲਈ ਚੁੱਕਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
ਛੋਟੇ ਪੈਕੇਟ ਸੇਵਾਵਾਂ ਵਿੱਚ ਟਰੈਕਿੰਗ ਦੀ ਸਹੂਲਤ ਨਾ ਹੋਣਾ।
ਡਿਲੀਵਰੀ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਣਾ।
ਦੂਜੇ ਦੇਸ਼ਾਂ ਵਿੱਚ ਵਧ ਰਹੇ ਕਸਟਮ ਸੁਰੱਖਿਆ ਨਿਯਮ।
ਕਈ ਵਿਦੇਸ਼ੀ ਡਾਕ ਪ੍ਰਸ਼ਾਸਨਾਂ ਵੱਲੋਂ ਅਜਿਹੀਆਂ ਚੀਜ਼ਾਂ ਨੂੰ ਸਵੀਕਾਰ ਕਰਨ ਵਿੱਚ ਦਿਖਾਈ ਜਾ ਰਹੀ ਅਸਮਰੱਥਾ।













