ਨਸ਼ਿਆਂ ਵਿਰੁੱਧ ਮੁਹਿੰਮ ‘ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਪਹਿਲਕਦਮੀ, ਸਪੈਸ਼ਲ ਸਟਰਾਇਕਿੰਗ ਸੁਕੈਅਡ ਦਾ ਗਠਨ

51

ਜ਼ਿਲ੍ਹੇ ‘ਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਵਾਂ ਐਤਿਹਾਸਿਕ ਕਦਮ ਚੁੱਕਿਆ ਗਿਆ ਹੈ। ਐਸਐਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਸਪੈਸ਼ਲ ਸਟਰਾਇਕਿੰਗ ਸਕਵੈਡ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਦੋ ਵਿਸ਼ੇਸ਼ ਗੱਡੀਆਂ ਨੂੰ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਦੋਵੇਂ ਗੱਡੀਆਂ ਜ਼ਿਲ੍ਹੇ ਦੇ ਦੋਵੇਂ ਸਬ ਡਿਵੀਜ਼ਨਾਂ ਵਿਚ 24 ਘੰਟੇ ਤਾਇਨਾਤ ਰਹਿਣਗੀਆਂ ਅਤੇ ਹਰ ਇੱਕ ਵਿਚ 5-5 ਪੁਲਿਸ ਕਰਮਚਾਰੀ ਹੋਣਗੇ। ਇਹ ਟੀਮਾਂ ਨਸ਼ਾ ਤਸਕਰਾਂ ਵਿਰੁੱਧ ਮਿਲ ਰਹੀਆਂ ਜਾਣਕਾਰੀਆਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਨਗੀਆਂ।

ਇਨ੍ਹਾਂ ਗੱਡੀਆਂ ਰਾਹੀਂ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਓਟ ਕੇਂਦਰ ਜਾਂ ਨਸ਼ਾ ਮੁਕਤੀ ਕੇਂਦਰਾਂ ਤੱਕ ਵੀ ਪਹੁੰਚਾਇਆ ਜਾਵੇਗਾ। ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਟੀਮਾਂ ਸਿੱਧਾ ਉਨ੍ਹਾਂ ਦੀ ਦੇਖ-ਰੇਖ ਹੇਠ ਕੰਮ ਕਰਨਗੀਆਂ ਅਤੇ ਕਿਸੇ ਵੀ ਇਨਪੁੱਟ ‘ਤੇ ਤੁਰੰਤ ਰਿਸਪਾਂਸ ਕਰਨਗੀਆਂ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿਚੋਂ ਨਸ਼ਾ ਮੁਕਤ ਵਾਤਾਵਰਣ ਬਣਾਉਣ ਲਈ ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤਿਵਿਧੀ ਦੀ ਸੂਚਨਾ ਸਿੱਧਾ ਇਨ੍ਹਾਂ ਵਿਸ਼ੇਸ਼ ਟੀਮਾਂ ਜਾਂ ਪੁਲਿਸ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚਲਾਈ ਜਾ ਰਹੀ ਇਹ ਨਵੀਂ ਮੁਹਿੰਮ ਨਸ਼ਿਆਂ ਵਿਰੁੱਧ ਲੜਾਈ ਵਿਚ ਇੱਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ।