ਪਿੰਡ ਦੇ ਸਰਪੰਚ ‘ਤੇ ਚੱਲੀਆਂ ਗੋਲੀਆਂ ਘਰ ਦੇ ਬਾਹਰ ਵੀ ਵਾਪਰੀ ਵਾਰਦਾਤ, ਮੋਟਰਸਾਈਕਲ ਉੱਤੇ ਆਏ ਸੀ ਬਦਮਾਸ਼

30

ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਨੁਸ਼ਹਿਰਾ ਪੰਨੂਆਂ ‘ਚ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ। ਇਹ ਵਾਰਦਾਤ ਉਨ੍ਹਾਂ ਦੇ ਘਰ ਦੇ ਬਾਹਰ ਹੋਈ, ਪਰ ਭਾਗਾਂ ਭਲੇ ਸਰਪੰਚ ਗੋਲੀਆਂ ਤੋਂ ਬਚ ਗਏ।

ਸੀਸੀਟੀਵੀ ‘ਚ ਕੈਦ ਹੋਈ ਵਾਰਦਾਤ ਦੌਰਾਨ, ਮੋਟਰਸਾਈਕਲ ‘ਤੇ ਆਏ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਨਾਲ ਪੰਜ ਤੋਂ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਕੁਝ ਸਰਪੰਚ ਦੇ ਘਰ ਦੀਆਂ ਕੰਧਾਂ ‘ਤੇ ਲੱਗੀਆਂ। ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਇਹ ਹਮਲਾ ਪਹਿਲਾਂ ਹੀ ਪਲਾਨ ਕੀਤਾ ਗਿਆ ਸੀ।ਪੁਲਿਸ ਵੱਲੋਂ ਜਾਂਚ ਜਾਰੀ ਹੈ।

ਦੱਸ ਦਈਏ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਟੀ ਦੇ ਡੀਐਸਪੀ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਹਮਲੇ ਕਾਰਨ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਨਸਾਫ਼ ਦਿਵਾਇਆ ਜਾਵੇ।ਇਹ ਵਾਰਦਾਤ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਹੁਣ ਵੇਖਣਾ ਇਹ ਰਹੇਗਾ ਕਿ ਜਾਂਚ ‘ਚ ਕੀ ਖੁਲਾਸਾ ਹੁੰਦਾ ਹੈ ਅਤੇ ਦੋਸ਼ੀਆਂ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ।