ਪੁਲਿਸ ਹੈੱਡ ਕਾਂਸਟੇਬਲ 157 ਗ੍ਰਾਮ ਚਿੱਟੇ ਸਮੇਤ ਕਾਬੂ…

50

ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਨੂੰ ਸੋਲਨ ਪੁਲਿਸ ਨੇ 157 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ। 2 ਅਪਰੈਲ ਨੂੰ ਪੁਲਿਸ ਨੇ ਮੁਲਜ਼ਮ ਨੂੰ ਸੋਲਨ ਨੇੜਿਓਂ ਗ੍ਰਿਫਤਾਰ ਕੀਤਾ ਸੀ, ਪਰ ਸੋਲਨ ਪੁਲਿਸ ਨੇ ਇਸ ਮਾਮਲੇ ਨੂੰ ਹੁਣ ਤੱਕ ਦਬਾ ਕੇ ਰੱਖਿਆ ਹੋਇਆ ਸੀ। ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹੈੱਡ ਕਾਂਸਟੇਬਲ ਪੁਲਿਸ ਦੀ ਵਰਦੀ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਇਕ ਹੋਰ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪੁਲਿਸ ਰਿਮਾਂਡ ਉਤੇ ਹੈ। ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ ਤਹਿਸੀਲ ਕਲਾਇਤ ਪਿੰਡ ਬਦੀਸਿਕਰੀ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਪੁਲਿਸ ਦੀ ਵਰਦੀ ਵਿੱਚ ਨਸ਼ਿਆਂ ਦੀ ਤਸਕਰੀ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ। ਏਐਸਪੀ ਸੋਲਨ ਰਾਜ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਹੈ ਕਿ ਪ੍ਰਦੀਪ ਕੁਮਾਰ ਦੇ ਨਾਲ ਇੱਕ ਹੋਰ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਫ਼ਿਲਹਾਲ ਪੁਲਿਸ ਰਿਮਾਂਡ ਉਤੇ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ। ਮੁਲਜ਼ਮਾਂ ਕੋਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਚਿੱਟਾ ਕਿੱਥੋਂ ਆਇਆ ਅਤੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ।

ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਹਰਿਆਣਾ ਪੁਲਿਸ ਦਾ ਇੱਕ ਹੈੱਡ ਕਾਂਸਟੇਬਲ ਡਿਊਟੀ ‘ਤੇ ਨਹੀਂ ਆ ਰਿਹਾ ਸੀ। ਸੋਲਨ ਪੁਲਿਸ ਨੇ ਇਸ ਸਬੰਧੀ ਕੈਥਲ ਦੇ ਸੀਵਨ ਥਾਣਾ ਇੰਚਾਰਜ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਨੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ। ਸੋਲਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਚਿੱਟਾ ਦੇ ਮੁੱਖ ਸਪਲਾਇਰ ਦੀ ਭਾਲ ਕਰ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹਰਿਆਣਾ ‘ਚ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਹੋਣ ਲੱਗੀ। ਦੂਜੇ ਪਾਸੇ ਐਸਪੀ ਸੋਲਨ ਗੌਰਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਂਸਟੇਬਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇੰਨੀ ਵੱਡੀ ਮਾਤਰਾ ‘ਚ ਚਿਟਾ ਕਿੱਥੋਂ ਲੈ ਕੇ ਆਇਆ ਅਤੇ ਕਿੱਥੇ ਸਪਲਾਈ ਕਰਨਾ ਸੀ।