ਪੰਜਾਬ: ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ…42.60 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਕਾਬੂ

46

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵਿਅਕਤੀ ਜਗਤ ਰਾਮ, ਵਾਸੀ ਮੁੱਲਾਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਦੱਸ ਦੇਈਏ ਕਿ ਦੋਸ਼ੀ ਨੇ ਆਪਣੇ ਆਪ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦਾ ਅਧਿਕਾਰੀ ਦੱਸਿਆ ਸੀ। ਸ਼ਿਕਾਇਤਕਰਤਾ ਰਾਕੇਸ਼ ਸਚਦੇਵਾ ਨੇ ਮੁੱਖ ਮੰਤਰੀ ਦੀ ਐਂਟੀ ਕਰੱਪਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇਹ ਰਿਸ਼ਵਤ ਐਨਓਸੀ ਦਿਵਾਉਣ ਦੇ ਨਾਂ ‘ਤੇ ਲਈ ਸੀ। ਜਗਤ ਰਾਮ ਵਿਰੁੱਧ (Prevention of corruption act ) ਪ੍ਰਿਵੇਂਸ਼ਨ ਆਫ਼ ਕਰੱਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਸ਼ਿਕਾਇਤਕਰਤਾ ਰਾਕੇਸ਼ ਸਚਦੇਵਾ, ਵਾਸੀ ਐਸ.ਬੀ.ਐਸ. ਨਗਰ, ਪੱਖੋਵਾਲ ਰੋਡ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਕੋਲ ਉਸਦੇ ਲੰਬਿਤ ਪਏ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦਿਵਾਉਣ ਲਈ ਉਸ ਕੋਲੋਂ 42.60 ਲੱਖ ਰੁਪਏ ਦੀ ਰਿਸ਼ਵਤ ਲਈ ਸੀ।ਸ਼ਿਕਾਇਤ ਦੇ ਅਨੁਸਾਰ ਰਾਕੇਸ਼ ਸਚਦੇਵਾ ਲੁਧਿਆਣਾ ਦੀ ਏ.ਸੀ. ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਹੈ।

ਉਸ ਨੇ ਸਾਲ 2017, 2019 ਅਤੇ 2022 ਵਿੱਚ ਐਲ.ਆਈ.ਟੀ. ਦੀ ਐਲ.ਡੀ.ਪੀ. ਸਕੀਮ ਤਹਿਤ ਤਿੰਨ ਜਾਇਦਾਦਾਂ ਖਰੀਦੀਆਂ ਸਨ। ਉਸਨੇ ਜਾਇਦਾਦਾਂ ਨੂੰ ਆਪਣੇ ਨਾਮ ’ਤੇ ਤਬਦੀਲ ਕਰਨ ਲਈ ਐਨ.ਓ.ਸੀ. ਪ੍ਰਾਪਤ ਕਰਨ ਵਾਸਤੇ ਐਲ.ਆਈ.ਟੀ. ਨੂੰ ਸਾਰੇ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਵੀ ਉਸ ਨੂੰ ਕੋਈ ਸਰਟੀਫੀਕੇਟ ਨਹੀਂ ਮਿਲਿਆ। ਇਸੇ ਦੌਰਾਨ ਉਹ ਜਗਤ ਰਾਮ ਨੂੰ ਮਿਲਿਆ ਜਿਸਨੇ ਖੁਦ ਨੂੰ ਐਲ.ਆਈ.ਟੀ. ਦੇ ਇੱਕ ਕਰਮਚਾਰੀ ਵਜੋਂ ਪੇਸ਼ ਕੀਤਾ ਅਤੇ ਚੰਡੀਗੜ੍ਹ ਵਿੱਚ ਇੱਕ ਸੀਨੀਅਰ ਅਧਿਕਾਰੀ ਦਾ ਨਿੱਜੀ ਸਕੱਤਰ ਹੋਣ ਦਾ ਦਾਅਵਾ ਕੀਤਾ।

ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਉਹ ਐਨ.ਓ.ਸੀ. ਦਾ ਪ੍ਰਬੰਧ ਕਰ ਸਕਦਾ ਹੈ ਪਰ ਬਦਲੇ ਵਿੱਚ ਉਸਨੇ ਰਿਸ਼ਵਤ ਦੀ ਮੰਗ ਕੀਤੀ।ਸਚਦੇਵਾ ਨੇ ਅੱਗੇ ਦੱਸਿਆ ਕਿ ਜਗਤ ਰਾਮ ਨੇ ਉਸ ਤੋਂ ਦੋ ਸਾਲਾਂ ਦੌਰਾਨ ਕਿਸ਼ਤਾਂ ‘ਚ ਕੁੱਲ 42.60 ਲੱਖ ਰੁਪਏ ਰਿਸ਼ਵਤ ਲਈ ਪਰ ਕੀਤੇ ਵਾਅਦੇ ਅਨੁਸਾਰ ਕੋਈ ਵੀ ਐਨ.ਓ.ਸੀ. ਉਪਲਬਧ ਨਹੀਂ ਕਰਵਾਇਆ।