Sell-Aid Desk24/7- ਪੰਜਾਬ ਦੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਚੰਡੀਗੜ੍ਹ ਅਨੁਸਾਰ 12-13-14 ਸਤੰਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਫੇਸਬੁਕ ਸਫੇ ਉਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਕੇ ਲੋਕਾਂ ਨੂੰ ਚੌਕਸ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ 5000 ਕਿਉਸਿਕ ਪਾਣੀ ਭਾਖੜਾ ਡੈਮ ਤੋਂ ਵਧਾ ਰਹੇ ਹਾਂ, ਕਿਉਂਕਿ 12,13,14 ਸਤੰਬਰ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚਿਤਾਵਨੀ ਆਈ ਹੈ। ਉਨ੍ਹਾਂ ਆਖਿਆ ਕਿ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 3-4 ਦਿਨ ਸਾਨੂੰ ਮੁੜ ਅਲਰਟ ਰਹਿਣਾ ਪਵੇਗਾ।
ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਤੋਂ ਬੱਦਲ ਆ ਰਹੇ ਹਨ ਅਤੇ 1-2 ਦਿਨਾਂ ਵਿੱਚ ਪੰਜਾਬ ਵਿੱਚ ਐਕਟਿਵ ਹੋ ਜਾਣਗੇ। ਇਸ ਲਈ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਕਮੀ ਆਉਣ ਕਾਰਨ ਰਾਹਤ ਮਿਲੀ ਹੈ, ਪਰ 14 ਸਤੰਬਰ ਤੱਕ ਮੀਂਹ ਦੀ ਚਿਤਾਵਨੀ ਨੇ ਚਿੰਤਾ ਵਧਾ ਦਿੱਤੀ ਹੈ।
ਦੱਸ ਦਈਏ ਕਿ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਧਰ, ਪੂਰਬੀ ਭਾਰਤ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਬੰਗਾਲ ਦੀ ਖਾੜੀ ਉੱਤੇ ਬਣੇ ਚੱਕਰਵਾਤੀ ਸਰਕੂਲੇਸ਼ਨ ਦਾ ਪ੍ਰਭਾਵ ਸਿੱਕਮ, ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਅਸਾਮ ਉੱਤੇ ਬਣ ਰਿਹਾ ਹੈ। ਇਸ ਕਾਰਨ ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਦਾਰਜੀਲਿੰਗ, ਸਿੱਕਮ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ ਅਤੇ ਝਾਰਖੰਡ ਵਰਗੇ ਰਾਜਾਂ ਵਿੱਚ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਭਾਰੀ ਬਾਰਿਸ਼ ਦਾ ਅਲਰਟ ਹੈ। ਇਸ ਦੇ ਨਾਲ ਹੀ, ਪੱਛਮੀ ਭਾਰਤ ਦੇ ਕਈ ਹਿੱਸੇ ਸੁੱਕੇ ਰਹਿਣਗੇ, ਇੱਥੇ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਕਿਹਾ ਕਿ 12 ਅਤੇ 13 ਸਤੰਬਰ ਨੂੰ ਮਰਾਠਵਾੜਾ, 13 ਅਤੇ 14 ਸਤੰਬਰ ਨੂੰ ਕੋਂਕਣ ਗੋਆ ਅਤੇ ਮੱਧ ਮਹਾਰਾਸ਼ਟਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਭਾਗ ਨੇ ਕਿਹਾ ਕਿ ਅਰਬ ਸਾਗਰ ਵਿਚ ਘੱਟ ਦਬਾਅ ਵਾਲੇ ਖੇਤਰ ਅਤੇ ਬੰਗਾਲ ਦੀ ਖਾੜੀ, ਦੱਖਣੀ ਓਡੀਸ਼ਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਹਿਮਾਲਿਆਈ ਪੱਛਮੀ ਬੰਗਾਲ ਨਾਲ ਲੱਗਦੇ ਸਿੱਕਮ ਉੱਤੇ ਬਣੇ ਚੱਕਰਵਾਤੀ ਸਰਕੂਲੇਸ਼ਨ ਅਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਰਾਹੀਂ ਪਟਨਾ ਵੱਲ ਵਧ ਰਹੇ ਮੌਨਸੂਨ ਟਰਫ ਦੇ ਕਾਰਨ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਬਿਹਾਰ ਵਿੱਚ 15 ਸਤੰਬਰ ਨੂੰ, ਪੱਛਮੀ ਮੱਧ ਪ੍ਰਦੇਸ਼ ਵਿੱਚ 17 ਤੱਕ, ਝਾਰਖੰਡ ਵਿੱਚ 15 ਅਤੇ 16 ਨੂੰ ਅਤੇ ਦਾਰਜੀਲਿੰਗ ਅਤੇ ਸਿੱਕਮ ਵਿੱਚ 13 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬੰਗਾਲ ਦੀ ਖਾੜੀ ਵਿਚ ਬਣੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਅਗਲੇ 24 ਘੰਟਿਆਂ ਵਿੱਚ ਇੱਕ ਨਵਾਂ ਦਬਾਅ ਦਾ ਖੇਤਰ ਬਣੇਗਾ, ਜੋ ਤੇਲੰਗਾਨਾ, ਮਹਾਰਾਸ਼ਟਰ ਅਤੇ ਕਰਨਾਟਕ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ। ਇਸ ਕਾਰਨ 13 ਤੋਂ 16 ਸਤੰਬਰ ਦੇ ਵਿਚਕਾਰ ਉੱਤਰੀ ਕਰਨਾਟਕ, ਤੇਲੰਗਾਨਾ ਅਤੇ ਸਰਹੱਦੀ ਮਹਾਰਾਸ਼ਟਰ ਵਿੱਚ ਭਾਰੀ ਬਾਰਿਸ਼ ਹੋਵੇਗੀ।














