ਬਦਰੀਨਾਥ ‘ਚ ਵੱਡੀ ਤਬਾਹੀ, ਗਲੇਸ਼ੀਅਰ ਟੁੱਟਿਆ, 57 ਮਜ਼ਦੂਰ ਦੱਬੇ…

41

ਮੌਸਮ ਇਕ ਵਾਰ ਫਿਰ ਬਦਲ ਗਿਆ ਹੈ। ਹਿਮਾਲੀਅਨ ਖੇਤਰਾਂ ਵਿਚ ਬਰਫ਼ਬਾਰੀ ਹੋ ਰਹੀ ਹੈ। ਨੀਵੇਂ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਹੈ। ਬਦਰੀਨਾਥ ਧਾਮ ਵਿੱਚ ਦੋ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਸ਼ੁੱਕਰਵਾਰ ਦੁਪਹਿਰ ਨੂੰ ਇੱਥੇ ਵੱਡੀ ਤਬਾਹੀ ਹੋਈ। ਭਾਰੀ ਬਰਫਬਾਰੀ ਤੋਂ ਬਾਅਦ ਗਲੇਸ਼ੀਅਰ ਟੁੱਟ ਗਿਆ। ਇਸ ਕਾਰਨ 57 ਮਜ਼ਦੂਰ ਬਰਫ਼ ਹੇਠ ਦੱਬ ਗਏ। ਹਾਲਾਂਕਿ 16 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ।

ਜਿਵੇਂ ਹੀ ਪ੍ਰਸ਼ਾਸਨ ਅਤੇ ਬੀਆਰਓ ਦੀ ਟੀਮ ਨੂੰ ਸੂਚਨਾ ਮਿਲੀ, ਉਹ ਮੌਕੇ ਉਤੇ ਪਹੁੰਚ ਗਏ। ਆਫਤ ਪ੍ਰਬੰਧਨ ਦੇ ਸਕੱਤਰ ਵਿਨੋਦ ਸੁਮਨ ਨੇ ਦੱਸਿਆ ਕਿ ਚਮੋਲੀ ਬਦਰੀਨਾਥ ਧਾਮ ਦੇ ਮਾਨਾ ਪਿੰਡ ਨੇੜੇ ਗਲੇਸ਼ੀਅਰ ਦੇ ਹੇਠਾਂ 57 ਮਜ਼ਦੂਰ ਦੱਬੇ ਗਏ। ਹਾਲਾਂਕਿ, 16 ਨੂੰ ਬਚਾ ਲਿਆ ਗਿਆ ਹੈ। ਬਾਕੀ 41 ਮਜ਼ਦੂਰਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਸੰਚਾਰ ਪ੍ਰਣਾਲੀ ਉੱਚੀ ਥਾਂ ਉਤੇ ਹੋਣ ਕਾਰਨ ਸਹੀ ਜਾਣਕਾਰੀ ਨਹੀਂ ਮਿਲ ਰਹੀ ਹੈ।

ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ
ਦੱਸਿਆ ਜਾ ਰਿਹਾ ਹੈ ਕਿ ਚਮੋਲੀ ਦੇ ਉਪਰਲੇ ਇਲਾਕਿਆਂ ‘ਚ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅੱਜ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਸੀ। ਇੱਥੋਂ ਤੱਕ ਕਿ 32 ਸੌ ਮੀਟਰ ਤੋਂ ਉੱਪਰ ਦੇ ਖੇਤਰ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਸੀ। ਬਰਫ਼ ਖਿਸਕਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਸੀ। ਹੁਣ ਬਦਰੀਨਾਥ ਮੰਦਿਰ ਤੋਂ ਤਿੰਨ ਕਿਲੋਮੀਟਰ ਦੂਰ ਮਾਨਾ ਘਸਤੌਲੀ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਦੇ ਕੋਲ ਬਰਫ਼ ਦਾ ਤੂਫ਼ਾਨ ਆ ਗਿਆ ਹੈ। ਇਸ ਵਿੱਚ 57 ਮਜ਼ਦੂਰਾਂ ਦੇ ਫਸੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 16 ਨੂੰ ਬਚਾ ਲਿਆ ਗਿਆ ਹੈ। ਉੱਤਰਾਖੰਡ ਦਾ ਮਾਨਾ ਪਿੰਡ ਭਾਰਤ ਅਤੇ ਚੀਨ ਦੀ ਸਰਹੱਦ ਉਤੇ ਹੈ। ਇੱਥੇ ਫੌਜ ਦਾ ਬੇਸ ਕੈਂਪ ਹੈ। ਇਸ ਲਈ ਫੌਜ ਸਭ ਤੋਂ ਪਹਿਲਾਂ ਬਚਾਅ ਕੰਮ ‘ਚ ਲੱਗੀ ਹੋਈ ਹੈ। NDRF ਅਤੇ SDRF ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਬੀਆਰਓ ਦੀਆਂ ਟੀਮਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

ਦੱਸ ਦਈਏ ਕਿ 28 ਫਰਵਰੀ 2025 ਨੂੰ ਆਪਦਾ ਕੰਟਰੋਲ ਰੂਮ, ਚਮੋਲੀ ਤੋਂ ਸੂਚਨਾ ਮਿਲੀ ਸੀ ਕਿ ਬਦਰੀਨਾਥ ਧਾਮ ਨੇੜੇ ਮਾਨਾ ‘ਚ ਬਰਫ ਖਿਸਕਣ ਕਾਰਨ ਕੁਝ ਲੋਕ ਫਸੇ ਹੋਏ ਹਨ। ਸੂਚਨਾ ਮਿਲਦੇ ਹੀ ਐਸ.ਡੀ.ਆਰ.ਐਫ ਕਮਾਂਡੈਂਟ ਦੀਆਂ ਹਦਾਇਤਾਂ ਅਨੁਸਾਰ ਨਜ਼ਦੀਕੀ ਚੌਕੀ ਜੋਸ਼ੀਮਠ ਤੋਂ ਐਸ.ਆਈ ਦੇਵੀਦੱਤ ਬਰਠਵਾਲ ਦੀ ਅਗਵਾਈ ਹੇਠ ਐਸ.ਡੀ.ਆਰ.ਐਫ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਨਾਲ ਹੀ, ਦੇਹਰਾਦੂਨ ਦੇ ਗੌਚਰ ਅਤੇ ਸਹਿਸਧਾਰਾ ਚੌਕੀਆਂ ਉਤੇ ਬਚਾਅ ਟੀਮ ਤਿਆਰ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਚਮੋਲੀ ਤੋਂ ਐਸਡੀਆਰਐਫ ਦੀ ਟੀਮ ਭੇਜ ਦਿੱਤੀ ਗਈ ਹੈ।

ਇਹ ਗਲੇਸ਼ੀਅਰ ਇਕ ਨਦੀ ‘ਤੇ ਆਇਆ ਹੈ। ਪਿਛਲੇ 48 ਘੰਟਿਆਂ ‘ਚ ਇਸ ਖੇਤਰ ‘ਚ ਭਾਰੀ ਬਰਫਬਾਰੀ ਹੋਈ ਹੈ। ਇਸ ਗਲੇਸ਼ੀਅਰ ਦੇ ਨੇੜੇ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦਾ ਵੱਡਾ ਅਸਰ ਪਿਆ ਹੈ।

ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਇਸ ਦੇ ਨਾਲ ਹੀ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਵੀ ਸੋਸ਼ਲ ਮੀਡੀਆ ‘ਤੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਕਿਹਾ ਕਿ ਚਮੋਲੀ ਦੇ ਮਾਨਾ ਪਿੰਡ ਨੇੜੇ ਬੀਆਰਓ ਵੱਲੋਂ ਕਰਵਾਏ ਗਏ ਨਿਰਮਾਣ ਕਾਰਜ ਦੌਰਾਨ ਬਰਫੀਲੇ ਤੂਫਾਨ ਕਾਰਨ ਕਈ ਮਜ਼ਦੂਰ ਦੱਬੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਆਈਟੀਬੀਪੀ, ਬੀਆਰਓ ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।