ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਸੂਹਾ ਦੇ ਬਸ ਅੱਡੇ ਉੱਤੇ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਡੀ.ਐਸ.ਪੀ. ਦਸੂਹਾ ਬਲਵਿੰਦਰ ਸਿੰਘ ਜੋੜਾ ਅਤੇ ਐਸ.ਐਚ.ਓ. ਹਰਪ੍ਰੇਮ ਸਿੰਘ ਨੇ ਆਪਣੀ ਪੁਲਿਸ ਟੀਮ ਸਮੇਤ ਬੱਸ ਅੱਡੇ ਦਾ ਦੌਰਾ ਕਰਦੇ ਹੋਏ ਯਾਤਰੀਆਂ ਦੀ ਜਾਂਚ ਕੀਤੀ।
ਡੀ.ਐਸ.ਪੀ. ਬਲਵਿੰਦਰ ਸਿੰਘ ਜੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਐਸ.ਐਸ.ਪੀ. ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੇ ਸਰਚ ਅਭਿਆਨ ਸਮੇਂ-ਸਮੇਂ ਉੱਤੇ ਚਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਅਭਿਆਨ ਲੋਕਾਂ ਵਿਚ ਸੁਰੱਖਿਆ ਭਰੋਸਾ ਬਣਾਈ ਰੱਖਣ ਅਤੇ ਸ਼ਰਾਰਤੀ ਤੱਤਾਂ ਦੀ ਪਛਾਣ ਲਈ ਬਹੁਤ ਜ਼ਰੂਰੀ ਹਨ।
ਇਸ ਦੌਰਾਨ ਪੁਲਿਸ ਨੇ ਬਸ ਅੱਡੇ ‘ਤੇ ਆਉਣ ਵਾਲੀਆਂ ਅਤੇ ਬੱਸਾਂ ਵਿਚ ਸਫ਼ਰ ਕਰ ਰਹੀਆਂ ਸਵਾਰੀਆਂ ਨਾਲ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਦੀ ਵੀ ਜਾਂਚ ਕੀਤੀ, ਤਾਂ ਜੋ ਕੋਈ ਵੀ ਸ਼ਰਾਰਤੀ ਤੱਤ ਕਿਸੇ ਗੈਰ ਕਾਨੂੰਨੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕੇ।
ਡੀ.ਐਸ.ਪੀ. ਨੇ ਅੱਗੇ ਕਿਹਾ ਕਿ ਪੁਲਿਸ ਦਾ ਪਹਿਲਾ ਮਕਸਦ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਰਕਰਾਰ ਰੱਖਣ ਦੇ ਨਾਲ-ਨਾਲ, ਸ਼ਰਾਰਤੀ ਤੱਤਾਂ ਦੀ ਰੋਕਥਾਮ ਕਰਨਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਤੱਤਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸ.ਐਚ.ਓ. ਹਰਪ੍ਰੇਮ ਸਿੰਘ ਨੇ ਵੀ ਕਿਹਾ ਕਿ ਜਨਤਕ ਥਾਵਾਂ ‘ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਹਰ ਸਮੇਂ ਤਿਆਰ ਹੈ ਅਤੇ ਕਿਸੇ ਵੀ ਸ਼ੱਕੀ ਹਲਚਲ ਨੂੰ ਰੋਕਿਆ ਜਾਵੇਗਾ।













