Sell-Aid Desk 24/7- ਇੱਕ ਕੋਰੀਅਨ ਗੇਮ ਖੇਡਣ ਤੋਂ ਰੋਕਣ ਕਾਰਨ ਤਿੰਨ ਨਾਬਾਲਗ ਭੈਣਾਂ ਨੇ ਕਥਿਤ ਤੌਰ ‘ਤੇ ਆਪਣੀ ਅਪਾਰਟਮੈਂਟ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਇਹ ਕਦਮ ਉਨ੍ਹਾਂ ਨੇ ਮਾਪਿਆਂ ਵੱਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ ਗੇਮਿੰਗ ਆਦਤਾਂ ‘ਤੇ ਇਤਰਾਜ਼ ਜਤਾਉਣ ਤੋਂ ਬਾਅਦ ਚੁੱਕਿਆ। ਮ੍ਰਿਤਕਾਂ ਦੀ ਪਛਾਣ ਪਾਖੀ (12), ਪ੍ਰਾਚੀ (14) ਅਤੇ ਵਿਸ਼ਿਕਾ (16) ਵਜੋਂ ਹੋਈ ਹੈ।
ਇਹ ਘਟਨਾ ਬੁੱਧਵਾਰ ਰਾਤ ਕਰੀਬ 2 ਵਜੇ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ ‘ਭਾਰਤ ਸਿਟੀ’ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ ਤਿੰਨੋਂ ਭੈਣਾਂ ਇੱਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਜ਼ਿਆਦਾਤਰ ਇਕੱਠੇ ਕਰਦੀਆਂ ਸਨ। ਪੁਲੀਸ ਨੇ ਦੱਸਿਆ ਕਿ ਲੜਕੀਆਂ ਕੋਵਿਡ-19 ਮਹਾਮਾਰੀ ਦੌਰਾਨ ਆਨਲਾਈਨ ਗੇਮਿੰਗ ਦੀਆਂ ਆਦੀ ਹੋ ਗਈਆਂ ਅਤੇ ਆਨਲਾਈਨ ਟਾਸਕ-ਅਧਾਰਿਤ “ਕੋਰੀਅਨ ਲਵ ਗੇਮ” ਖੇਡ ਰਹੀਆਂ ਸਨ। ਦੱਸਿਆ ਗਿਆ ਹੈ ਕਿ ਲੜਕੀਆਂ ਨੇ ਨਿਯਮਤ ਤੌਰ ‘ਤੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ, ਜੋ ਉਨ੍ਹਾਂ ਦੇ ਮਾਪਿਆਂ ਲਈ ਚਿੰਤਾ ਦਾ ਵੱਡਾ ਵਿਸ਼ਾ ਬਣ ਗਿਆ ਸੀ।
ਗਾਜ਼ੀਆਬਾਦ ਪੁਲੀਸ ਵੱਲੋਂ ਐਕਸ ’ਤੇ ਜਾਰੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਮਾਪਿਆਂ ਨੇ ਵਾਰ-ਵਾਰ ਆਪਣੀਆਂ ਧੀਆਂ ਦੀ ਗੇਮਿੰਗ ਦੀ ਆਦਤ ‘ਤੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਪੜ੍ਹਾਈ ਬਾਰੇ ਸਮਝਾਇਆ ਸੀ। ਮੰਗਲਵਾਰ ਰਾਤ ਨੂੰ ਇਸ ਮੁੱਦੇ ‘ਤੇ ਘਰ ਵਿੱਚ ਹੋਈ ਬਹਿਸ ਤੋਂ ਬਾਅਦ, ਭੈਣਾਂ ਨੇ ਕਥਿਤ ਤੌਰ ‘ਤੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਸੁਸਾਇਟੀ ਦੇ ਵਸਨੀਕਾਂ ਨੇ ਤੜਕਸਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਪਾਰਟਮੈਂਟ ਕੰਪਲੈਕਸ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਹੁਣ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।














