ਉਤਰ ਪ੍ਰਦੇਸ਼ ਵਿਚ ਤੂਫ਼ਾਨ ਅਤੇ ਮੀਂਹ ਕਾਰਨ ਘੱਟੋ-ਘੱਟ 22 ਵਿਅਕਤੀ ਅਤੇ 45 ਜਾਨਵਰ ਮਾਰੇ ਗਏ ਹਨ। ਸੂਬੇ ਵਿਚ 15 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਖੇਤਰੀ ਮੌਸਮ ਵਿਭਾਗ ਨੇ ਅੱਜ (11 ਅਪ੍ਰੈਲ) ਲਈ ਕਈ ਜ਼ਿਲ੍ਹਿਆਂ ਖਾਸ ਕਰਕੇ ਸੂਬੇ ਦੇ ਪੂਰਬੀ ਹਿੱਸੇ ਲਈ ਇਕ ਅਲਰਟ ਜਾਰੀ ਕੀਤਾ ਹੈ। ਖੇਤਰੀ ਮੌਸਮ ਵਿਭਾਗ ਨੇ ਲਖਨਊ, ਵਾਰਾਣਸੀ, ਅਯੁੱਧਿਆ, ਚੰਦੌਲੀ, ਬਾਰਾਬੰਕੀ, ਸ਼ਰਾਵਸਤੀ, ਬਲਰਾਮਪੁਰ, ਮਹਾਰਾਜਗੰਜ, ਸਿਧਾਰਥਨਗਰ, ਕੁਸ਼ੀਨਗਰ, ਗੋਂਡਾ, ਬਸਤੀ, ਗੋਰਖਪੁਰ, ਦੇਵਰੀਆ, ਉਨਾਓ, ਪ੍ਰਤਾਪਗੜ੍ਹ, ਅਮੇਠੀ, ਸੁਲਤਾਨਪੁਰ, ਜੌਨਪੁਰ, ਅੰਬੇਡਕਰ ਨਗਰ, ਆਜ਼ਮਗੜ੍ਹ, ਸੰਤ ਕਬੀਰ ਨਗਰ, ਬਲੀਆ, ਸੰਤ ਰਵਿਦਾਸ ਨਗਰ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਅਤੇ ਝੱਖੜ ਵਰਗੀਆਂ ਸਥਿਤੀਆਂ ਦੀ ਭਵਿੱਖਬਾਣੀ ਕੀਤੀ ਹੈ।
ਦੱਸ ਦਈਏ ਕਿ ਭਾਰੀ ਬਾਰਸ਼ ਅਤੇ ਗੜੇਮਾਰੀ ਨੇ ਵੱਡੀ ਤਬਾਹੀ ਮਚਾਈ ਹੈ। 10 ਅਪ੍ਰੈਲ ਨੂੰ ਯੂਪੀ-ਬਿਹਾਰ ਵਿੱਚ ਤੂਫਾਨ ਕਾਰਨ 83 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 61 ਮੌਤਾਂ ਬਿਹਾਰ ਵਿੱਚ ਹੋਈਆਂ ਅਤੇ 22 ਮੌਤਾਂ ਯੂਪੀ ਵਿੱਚ ਹੋਈਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਧਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਅਸਮਾਨ ਵਿੱਚ ਬੱਦਲ, ਹਲਕੀ ਬੂੰਦਾਬਾਂਦੀ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ। ਪੰਜਾਬ ਵਿੱਚ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਖੇਤਾਂ ਵਿਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ।
ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਵੀ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ, ਕੇਰਲ, ਤਾਮਿਲਨਾਡੂ, ਅਸਾਮ, ਮੇਘਾਲਿਆ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲ ਸਕਦੀਆਂ ਹਨ। ਬਿਜਲੀ ਡਿੱਗਣ ਦੀ ਚਿਤਾਵਨੀ ਵੀ ਹੈ। ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਵੀਰਵਾਰ ਨੂੰ ਉਤਰਾਖੰਡ ਦੇ ਚਮੋਲੀ ਵਿਚ ਬੱਦਲ ਫਟ ਗਿਆ। ਵੀਰਵਾਰ ਨੂੰ ਉਤਰ ਪ੍ਰਦੇਸ਼ ਦੇ ਲਗਭਗ 50 ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ। ਕਈ ਥਾਵਾਂ ਉਤੇ ਗੜੇ ਵੀ ਪਏ।













