ਮੈਨੂੰ ਕੱਲ੍ਹ ਪਤਾ ਲੱਗੈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਬਹੁਤ ਛੋਟਾ: ਜਥੇਦਾਰ

38

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦਾ ਵੀ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਮੀ ਨੇ ਆਪਣੇ ਅਸਤੀਫੇ ਵਿਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਮੇਰੇ ਵੱਲੋਂ ਪਾਈ ਇਕ ਪੋਸਟ ਦੇ ਆਧਾਰ ਉਤੇ ਨੈਤਿਕ ਜ਼ਿੰਮੇਵਾਰੀ ਲੈਂਦਿਆ ਅਸਤੀਫਾ ਦਿੱਤਾ ਹੈ। ਇਹ ਪੋਸਟ ਉਨ੍ਹਾਂ ਆਪਣੇ ਨਿੱਜੀ ਸੋਸ਼ਲ ਮੀਡੀਆ ਪੇਜ ਉਤੇ ਪਾਈ ਸੀ ਅਤੇ ਕਿਸੇ ਨੂੰ ਆਦੇਸ਼ ਨਹੀਂ ਕੀਤਾ ਸੀ

ਜਥੇਦਾਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹੋ ਸਕਦਾ ਹੈ ਕਿ ਉਹ ਕਿਸੇ ਦਬਾਅ ਹੇਠ ਹੋਣ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲੱਗ ਰਿਹਾ ਸੀ ਕਿ ਉਹ ਦਬਾਅ ਮਹਿਸੂਸ ਕਰ ਰਹੇ ਹਨ। ਉਹ ਗੁਰੂ ਦੀ ਭੈ ਭਾਵਨਾ ਨੂੰ ਮੰਨਣ ਵਾਲੀ ਚੰਗੀ ਸ਼ਖਸੀਅਤ ਹਨ। ਜਥੇਦਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਅਤਰਿੰਗ ਕਮੇਟੀ ਦੇ ਮੈਂਬਰ ਮਿਲੇ ਸਨ ਅਤੇ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਅਧਿਕਾਰਾਂ ਦੀ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਐਕਟ ਮੁਤਾਬਿਕ ਸ਼੍ਰੋਮਣੀ ਕਮੇਟੀ ਨੂੰ ਕਰਮਚਾਰੀਆਂ, ਗ੍ਰੰਥੀਆਂ ਅਤੇ ਜਥੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਪ੍ਰਾਪਤ ਹਨ, ਪਰ ਕੱਲ੍ਹ ਹੋਈ ਗੱਲਬਾਤ ਨੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਹੁਕਮ ਸਿਰਫ ਸ੍ਰੀ ਅਕਾਲ ਤਖਤ ਦੀ ਚਾਰਦੀਵਾਰੀ ਤੱਕ ਹੀ ਸੀਮਤ ਹਨ ਜਦੋਂ ਕਿ ਉਹ ਸਮਝਦੇ ਸਨ ਕਿ ਅਕਾਲ ਤਖਤ ਵੱਲੋਂ ਕੀਤੇ ਗਏ ਹੁਕਮ ਸਾਰੀ ਦੁਨੀਆਂ ਵਿਚ ਵੱਸਦੇ ਸਿੱਖਾਂ ’ਤੇ ਲਾਗੂ ਹੁੰਦੇ ਹਨ। ਆਪਣੇ ਅਸਤੀਫ਼ੇ ਸਬੰਧੀ ਚੱਲ ਰਹੀ ਚਰਚਾ ਦੇ ਸੰਦਰਭ ਵਿਚ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਨੂੰ ਜੋ ਪ੍ਰਵਾਨ ਹੋਏਗਾ, ਉਸੇ ਮੁਤਾਬਕ ਸਭ ਕੁਝ ਹੀ ਹੋਵੇਗਾ।