ਹਰਿਆਣਾ ਦੀ ਵਿਸ਼ਵ ਚੈਂਪੀਅਨ ਬਾਕਸਰ ਸਵੀਟੀ ਬੂਰਾ (Sweety Boora) ਅਤੇ ਪਤੀ ਦੀਪਕ ਹੁੱਡਾ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਵੀਟੀ ਬੂਰਾ ਨੇ ਥਾਣੇ ਦੇ ਅੰਦਰ ਭਾਜਪਾ ਨੇਤਾ ਪਤੀ ਦੀਪਕ ਹੁੱਡਾ ਦੀ ਕੁੱਟਮਾਰ ਕੀਤੀ ਅਤੇ ਇਸ ਦੀ ਵੀਡੀਓ ਵੀ ਸਾਹਮਣੇ ਆਈ। ਹੁਣ ਸਵੀਟੀ ਬੂਰਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਵੱਡਾ ਦਾਅਵਾ ਕੀਤਾ ਹੈ।
ਸਵੀਟੀ ਬੂਰਾ ਨੇ ਦੱਸਿਆ ਕਿ ਉਸ ਦੇ ਪਤੀ ਦੀਪਕ ਹੁੱਡਾ ਲੜਕਿਆਂ ਵਿੱਚ ਦਿਲਚਸਪੀ ਰੱਖਦੇ ਹਨ। ਉਸ ਨੇ ਦੱਸਿਆ ਕਿ ਦੀਪਕ ਨੇ ਉਸ ਨੂੰ ਵੀਡੀਓ ਦਿਖਾਉਣ ਲਈ ਬੁਲਾਇਆ ਸੀ ਪਰ ਵੀਡੀਓ ਦੀ ਸ਼ੁਰੂਆਤ ਅਤੇ ਆਖਰੀ ਭਾਗ ਗਾਇਬ ਸੀ। ਇਸ ਹਿੱਸੇ ਵਿੱਚ ਦੀਪਕ ਉਸ ਨੂੰ ਗਾਲ੍ਹਾਂ ਕੱਢਦਾ ਰਿਹਾ ਅਤੇ ਬਾਅਦ ਵਿੱਚ ਉਸ ਨੂੰ ਪੈਨਿਕ ਅਟੈਕ ਆਇਆ। ਸਵੀਟੀ ਨੇ ਦੋਸ਼ ਲਾਇਆ ਕਿ ਹਿਸਾਰ ਦੇ ਐਸਪੀ ਦੀਪਕ ਨਾਲ ਕਥਿਤ ਮਿਲੀਭੁਗਤ ਹੈ ਅਤੇ ਦੋਵਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਸਵੀਟੀ ਨੇ ਕਿਹਾ ਕਿ ਹਿਸਾਰ ਦੇ ਐਸਪੀ ਨੇ ਥਾਣੇ ਦੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਦੀਪਕ ਨੇ ਐਫਆਈਆਰ ਵਿੱਚ ਪਿਤਾ ਅਤੇ ਮਾਮੇ ਦਾ ਨਾਂ ਵੀ ਲਿਖਵਾਇਆ ਹੈ, ਜਦੋਂ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਸ ਦੇ ਪਿਤਾ ਅਤੇ ਮਾਮਾ ਦੀਪਕ ਦੇ ਨੇੜੇ ਵੀ ਨਹੀਂ ਗਏ। ਸਵੀਟੀ ਨੇ ਦੱਸਿਆ ਕਿ ਦੀਪਕ ਨੇ ਝੂਠਾ ਮੈਡੀਕਲ ਕਰਵਾਇਆ ਅਤੇ ਐਫਆਈਆਰ ਵਿੱਚ ਮਾਮੇ ਅਤੇ ਪਿਤਾ ਦੇ ਨਾਮ ਲਿਖਵਾਏ।
ਸਵੀਟੀ ਨੇ ਕਿਹਾ ਕਿ ਜੇਕਰ ਉਹ ਇੰਨੀ ਬੁਰੀ ਹੈ ਤਾਂ ਦੀਪਕ ਉਸ ਨੂੰ ਤਲਾਕ ਕਿਉਂ ਨਹੀਂ ਦਿੰਦਾ। ਉਸ ਨੇ ਕਿਹਾ ਕਿ ਉਹ ਸਿਰਫ਼ ਤਲਾਕ ਮੰਗ ਰਹੀ ਹੈ, ਹੋਰ ਕੁਝ ਨਹੀਂ। ਉਸ ਨੇ ਨਾ ਤਾਂ ਜਾਇਦਾਦ ਮੰਗੀ ਹੈ ਅਤੇ ਨਾ ਹੀ ਪੈਸੇ।
ਸਵੀਟੀ ਅਤੇ ਦੀਪਕ ਦਾ ਝਗੜਾ
ਸਵੀਟੀ ਅਤੇ ਦੀਪਕ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਸਵੀਟੀ ਨੇ ਆਪਣੇ ਪਤੀ ਦੀਪਕ ‘ਤੇ ਦਾਜ ਲਈ ਤੰਗ ਕਰਨ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਵਿਆਹ ਵਿੱਚ 1 ਕਰੋੜ ਰੁਪਏ ਅਤੇ ਫਾਰਚੂਨਰ ਦੇਣ ਦੇ ਬਾਵਜੂਦ ਉਸ ਨੂੰ ਘੱਟ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਦੀਪਕ ਨੇ ਵੀ ਸਵੀਟੀ ਅਤੇ ਉਸ ਦੇ ਪਰਿਵਾਰ ‘ਤੇ ਜਾਇਦਾਦ ਹੜੱਪਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਸੀ। ਦੀਪਕ ਨੇ ਦੱਸਿਆ ਕਿ ਸਵੀਟੀ ਨੇ ਜਦੋਂ ਉਹ ਸੌਂ ਰਿਹਾ ਸੀ ਤਾਂ ਉਸ ਦਾ ਸਿਰ ਪਾੜ ਦਿੱਤਾ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵਾਂ ਦੀ ਸ਼ਿਕਾਇਤ ‘ਤੇ ਹਿਸਾਰ ਅਤੇ ਰੋਹਤਕ ‘ਚ ਮਾਮਲੇ ਦਰਜ ਕੀਤੇ ਗਏ ਹਨ। ਸਵੀਟੀ ਅਤੇ ਦੀਪਕ ਇਸ ਸਮੇਂ ਭਾਜਪਾ ਦੇ ਆਗੂ ਹਨ। ਦੀਪਕ ਨੇ ਮਹਿਮ ਸੀਟ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਹਾਰ ਗਏ ਸਨ।













