ਸ਼੍ਰੀਨਗਰ-ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਲਾਈਨ ਬਾਰੇ ਵੱਡੀ ਅਪਡੇਟ, ਜਾਣੋ ਕਦੋਂ ਚੱਲੇਗੀ ਪਹਿਲੀ ਟ੍ਰੇਨ

71

ਸ਼੍ਰੀਨਗਰ-ਮਾਤਾ ਵੈਸ਼ਨੋ ਦੇਵੀ ਵਿਚਕਾਰ ਰੇਲਗੱਡੀ ਦੇ ਸ਼ੁਰੂ ਹੋਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਨੇ ਦਰਸ਼ਨਾਂ ਤੋਂ ਬਾਅਦ ਸ਼੍ਰੀਨਗਰ ਘੁੰਮਣ ਜਾਣਾ ਹੈ, ਕਿਉਂਕਿ ਸ਼੍ਰੀਨਗਰ ਦੀ ਯਾਤਰਾ ਰੇਲਗੱਡੀ ਰਾਹੀਂ ਸੰਭਵ ਹੋਵੇਗੀ। ਪਹਿਲਾਂ ਇਸ ਦਾ ਉਦਘਾਟਨ 19 ਅਪ੍ਰੈਲ ਨੂੰ ਹੋਣਾ ਸੀ ਪਰ ਖਰਾਬ ਮੌਸਮ ਦੀ ਸੰਭਾਵਨਾ ਕਾਰਨ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਉਦਘਾਟਨ ਦੀ ਸੰਭਾਵਿਤ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਭਾਰਤੀ ਰੇਲਵੇ ਦੇ ਸੂਤਰਾਂ ਅਨੁਸਾਰ ਇਹ ਰੇਲਗੱਡੀ ਸ੍ਰੀਨਗਰ ਅਤੇ ਕਟੜਾ ਵਿਚਕਾਰ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਥੋਂ ਚੱਲਣ ਵਾਲੀ ਰੇਲਗੱਡੀ ਤੋਂ ਲੈ ਕੇ ਸ਼ਡਿਊਲ ਤੱਕ ਸਭ ਕੁਝ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹੁਣ ਅਪ੍ਰੈਲ ਦੀ ਬਜਾਏੰ ਸੰਭਾਵਿਤ ਤਾਰੀਖ ਮਈ ਦੱਸੀ ਜਾ ਰਹੀ ਹੈ। ਹਾਲਾਂਕਿ, ਮਈ ਵਿੱਚ ਕਿਹੜੀ ਤਰੀਕ ਹੋਵੇਗੀ, ਇਸ ਬਾਰੇ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ। ਕਿਉਂਕਿ ਇਹ ਰੇਲਵੇ ਲਾਈਨ ਸਿਰਫ਼ ਕਸ਼ਮੀਰ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਵੱਡੀ ਪਹਿਲ ਹੈ। ਇਸ ਲਈ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਇਸ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ।

ਪਹਿਲੇ ਦਿਨ ਦੋ ਰੇਲਗੱਡੀਆਂ ਚੱਲਣਗੀਆਂ

ਭਾਰਤੀ ਰੇਲ ਮੰਤਰਾਲੇ ਦੇ ਅਨੁਸਾਰ ਪਹਿਲੇ ਦਿਨ ਇਕ ਨਹੀਂ ਬਲਕਿ ਦੋ ਵੰਦੇ ਭਾਰਤ ਰੇਲ ਗੱਡੀਆਂ ਚੱਲਣਗੀਆਂ। ਇੱਕ ਰੇਲਗੱਡੀ ਸ੍ਰੀਨਗਰ ਤੋਂ ਚੱਲੇਗੀ ਅਤੇ ਦੂਜੀ ਕਟੜਾ ਤੋਂ। ਇਹ ਯਾਤਰਾ ਆਪਣੇ ਆਪ ਵਿਚ ਖਾਸ ਹੋਵੇਗੀ, ਕਿਉਂਕਿ ਯਾਤਰਾ ਦੌਰਾਨ ਰੇਲਗੱਡੀ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਤੋਂ ਲੰਘੇਗੀ।

ਯਾਤਰਾ ਅੱਧੇ ਸਮੇਂ ਵਿੱਚ ਪੂਰੀ ਹੋ ਜਾਵੇਗੀ

ਸ਼੍ਰੀਨਗਰ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 272 ਕਿਲੋਮੀਟਰ ਹੈ। ਰੇਲਗੱਡੀ 3.15 ਘੰਟਿਆਂ ਵਿੱਚ ਯਾਤਰਾ ਪੂਰੀ ਕਰੇਗੀ। ਇਸ ਵੇਲੇ ਸੜਕ ਰਾਹੀਂ ਯਾਤਰਾ ਕਰਨ ਵਿੱਚ ਲਗਭਗ ਸੱਤ ਘੰਟੇ ਲੱਗਦੇ ਹਨ। ਇਸ ਤਰ੍ਹਾਂ ਯਾਤਰਾ ਅੱਧੇ ਸਮੇਂ ਵਿੱਚ ਪੂਰੀ ਹੋ ਜਾਵੇਗੀ। ਸ਼ੁਰੂ ਵਿੱਚ ਸਿਰਫ਼ ਇੱਕ ਹੀ ਵੰਦੇ ਭਾਰਤ ਚੱਲੇਗੀ। ਜਿਵੇਂ-ਜਿਵੇਂ ਯਾਤਰੀਆਂ ਦੀ ਗਿਣਤੀ ਵਧੇਗੀ, ਰੇਲਗੱਡੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ।

ਘਾਟੀ ਲਈ ਵਿਸ਼ੇਸ਼ ਵੰਦੇ ਭਾਰਤ

ਵੰਦੇ ਭਾਰਤ ਨੂੰ ਵਿਸ਼ੇਸ਼ ਤੌਰ ‘ਤੇ ਘਾਟੀ ਵਿੱਚ ਮਨਫ਼ੀ ਤਾਪਮਾਨ ਵਿੱਚ ਚਲਾਉਣ ਲਈ ਤਿਆਰ ਕੀਤਾ ਗਿਆ ਹੈ। ਹੀਟਿੰਗ ਸਿਸਟਮ ਨਾਲ ਲੈਸ, ਟ੍ਰੇਨ ਵਿੱਚ ਸਿਲੀਕਾਨ ਹੀਟਿੰਗ ਪੈਡ ਲਗਾਏ ਗਏ ਹਨ ਜੋ ਪਾਣੀ ਦੀਆਂ ਟੈਂਕੀਆਂ ਅਤੇ ਬਾਇਓ-ਟਾਇਲਟ ਟੈਂਕਾਂ ਨੂੰ ਜੰਮਣ ਤੋਂ ਰੋਕਣਗੇ ਅਤੇ ਇਹ ਓਵਰਹੀਟ ਪ੍ਰੋਟੈਕਸ਼ਨ ਸੈਂਸਰ ਨਾਲ ਵੀ ਲੈਸ ਹੈ। ਟ੍ਰੇਨ ਦੇ ਮਨਫੀ ਤਾਪਮਾਨ ਉਤੇ ਚੱਲਣ ਤੋਂ ਬਾਅਦ ਪਾਣੀ ਨਹੀਂ ਜੰਮੇਗਾ। ਹੀਟਰ ਲਗਾਏ ਗਏ ਹਨ, ਤਾਂ ਜੋ ਯਾਤਰੀਆਂ ਨੂੰ ਗਰਮ ਹਵਾ ਮਿਲਦੀ ਰਹੇ। ਟ੍ਰੇਨ ਵਿੱਚ ਆਟੋ-ਡਰੇਨਿੰਗ ਮਕੈਨਿਜ਼ਮ ਸਿਸਟਮ ਲਗਾਇਆ ਗਿਆ ਹੈ।