ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਵਿਲੱਖਣ ਨਗਰ ਕੀਰਤਨ ! ਪੂਰਾ ਇਲਾਕਾ ਹੋਇਆ ਭਗਤੀਮਈ

23

ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਅਤੇ ਅਰਦਾਸ ਨਾਲ ਹੋਈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ, ਜਿੱਥੇ 23, 24 ਅਤੇ 25 ਨਵੰਬਰ ਨੂੰ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ।

ਜਤਿੰਦਰ ਮੋਹਨ, ਗੁਰਦਾਸਪੁਰ

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਤਪ ਅਸਥਾਨ ਬਾਬਾ ਹਰੀ ਸਿੰਘ, ਸੰਗਤਪੁਰਾ, ਬਥਵਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਜਾਇਆ ਗਿਆ ਇਹ ਨਗਰ ਕੀਰਤਨ ਖਾਲਸਾਈ ਪਰੰਪਰਾਵਾਂ ਦਾ ਉੱਚਾ ਉਦਾਹਰਨ ਬਣਿਆ।

ਇਸ ਪਵਿੱਤਰ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ, ਅਤੇ ਸਮਸ਼ੇਰ ਸਿੰਘ, ਹਲਕਾ ਇੰਚਾਰਜ ਦਿਨਾਨਗਰ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ ਜਿਵੇਂ ਕਿ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਐੱਸ.ਐੱਸ.ਪੀ ਆਦਿੱਤਿਆ ਮੌਜੂਦ ਰਹੇ। ਨਿਹੰਗ ਸਿੰਘਾਂ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਹਾਜ਼ਰੀ ਨੇ ਸਮਾਗਮ ਦੇ ਰੂਹਾਨੀ ਮਾਹੌਲ ਨੂੰ ਹੋਰ ਵੀ ਉੱਚਾ ਕੀਤਾ।

ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਅਤੇ ਅਰਦਾਸ ਨਾਲ ਹੋਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ, ਜਿੱਥੇ 23, 24 ਅਤੇ 25 ਨਵੰਬਰ ਨੂੰ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਪੂਰੇ ਰਵਾਇਤੀ ਢੰਗ ਨਾਲ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਨਤਮਸਤਕ ਹੋ ਕੇ ਸਮਰਪਣ ਦੀ ਮਿਸਾਲ ਪੇਸ਼ ਕੀਤੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਵਿੱਚ ਹੋ ਰਹੇ ਸਮਾਗਮਾਂ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੁਨੇਹਾ ਦੇਸ਼ ਭਰ ਵਿੱਚ ਪਹੁੰਚ ਰਿਹਾ ਹੈ।

ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਸਤਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸੀਅਤਾਂ ਵੀ ਸ਼ਾਮਲ ਹੋਈਆਂ। ਸਮਾਗਮ ਦੌਰਾਨ ਪੰਜ ਪਿਆਰਿਆਂ ਅਤੇ ਹੋਰ ਵਿਸ਼ੇਸ਼ ਅਤਿਥੀਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦਾਸਪੁਰ ਪੁਲਿਸ ਵੱਲੋਂ ਨਗਰ ਕੀਰਤਨ ਨੂੰ ਗਾਰਡ ਆਫ ਆਨਰ ਦੇ ਕੇ ਗੁਰੂ ਘਰ ਤੋਂ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ।