ਹਿਮਾਚਲ ਤੋਂ ਵੱਡੀ ਖਬਰ, ਬਾਈਕ ਸਵਾਰਾਂ ਨੇ ਢਾਬਾ ਮਾਲਕ ਨੂੰ ਗੋਲੀ ਮਾਰੀ

38

ਹਿਮਾਚਲ ਪ੍ਰਦੇਸ਼ ਵਿੱਚ ਇੱਕ ਹੋਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਵਾਰ ਮੰਡੀ ਜ਼ਿਲ੍ਹੇ ਵਿੱਚ ਇੱਕ ਢਾਬਾ ਸੰਚਾਲਕ ਨੂੰ ਗੋਲੀ ਮਾਰ ਦਿੱਤੀ ਗਈ। ਬਾਈਕ ਸਵਾਰਾਂ ‘ਤੇ ਦੋਸ਼ ਲੱਗੇ ਹਨ, ਹਾਲਾਂਕਿ ਅਜੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਮੰਡੀ ਸਿਟੀ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਮੰਡੀ ਸ਼ਹਿਰ ਦੇ ਪੁਲਘਾਟ ਨੇੜੇ ਵਾਪਰੀ। ਇਹ ਗੋਲੀਬਾਰੀ ਅੱਧੀ ਰਾਤ ਨੂੰ ਹੋਈ। ਖਾਣਾ ਖਾਣ ਤੋਂ ਬਾਅਦ ਕਿਸੇ ਵਿਵਾਦ ਨੂੰ ਲੈ ਕੇ ਬਾਈਕ ਸਵਾਰਾਂ ਨੇ ਢਾਬੇ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਢਾਬਾ ਮਾਲਕ ਨੂੰ ਨੇਰਚੌਕ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਢਾਬਾ ਸੰਚਾਲਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ।

ਘਟਨਾ ਬੀਤੀ ਰਾਤ ਪੌਣੇ ਬਾਰਾਂ ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਦੋ ਬਾਈਕ ਸਵਾਰ ਇੱਥੇ ਇੱਕ ਢਾਬੇ ਉਤੇ ਆਏ ਅਤੇ ਢਾਬਾ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਢਾਬਾ ਮਾਲਕ ਤੋਂ ਨਕਦੀ ਲੁੱਟ ਕੇ ਉਥੋਂ ਫ਼ਰਾਰ ਹੋ ਗਏ। ਢਾਬਾ ਮਾਲਕ ‘ਤੇ ਚਲਾਈ ਗਈ ਗੋਲੀ ਉਸ ਦੇ ਗਲ ਅਤੇ ਹੱਥ ਨੂੰ ਛੂਹ ਕੇ ਬਾਹਰ ਨਿਕਲ ਗਈ। ਢਾਬਾ ਮਾਲਕ ਜ਼ਖਮੀ ਹੈ ਅਤੇ ਮੈਡੀਕਲ ਕਾਲਜ ਨੇਰਚੌਕ ਵਿਚ ਜ਼ੇਰੇ ਇਲਾਜ ਹੈ।

ਐਸਪੀ ਮੰਡੀ ਸਾਕਸ਼ੀ ਵਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਹਮਲਾਵਰਾਂ ਦੀ ਭਾਲ ਜਾਰੀ ਹੈ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਰਾਤ ਤੋਂ ਹੀ ਉਨ੍ਹਾਂ ਦੀ ਭਾਲ ਕਰ ਰਹੀ ਹੈ। ਆਸਪਾਸ ਦੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਤੱਕ ਦੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬਾਈਕ ‘ਤੇ ਕਿਸੇ ਵੀ ਤਰ੍ਹਾਂ ਦੇ ਝੰਡੇ ਨਹੀਂ ਸਨ।

ਹਿਮਾਚਲ ਦੇ ਸਾਬਕਾ ਸੀਐਮ ਅਤੇ ਭਾਜਪਾ ਨੇਤਾ ਜੈਰਾਮ ਠਾਕੁਰ ਨੇ ਇਸ ਪੂਰੇ ਮਾਮਲੇ ‘ਤੇ ਕਿਹਾ ਕਿ ਨੈਸ਼ਨਲ ਹਾਈਵੇ ‘ਤੇ ਮੰਡੀ ‘ਚ ਢਾਬਾ ਸੰਚਾਲਕ ਨਾਲ ਲੁੱਟ-ਖੋਹ ਅਤੇ ਉਸ ‘ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਮੈਂ ਢਾਬਾ ਸੰਚਾਲਕ ਦੀ ਜਲਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਇਨ੍ਹਾਂ ਅਪਰਾਧੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਸੂਬੇ ਦਾ ਕੋਈ ਵੀ ਵਿਅਕਤੀ ਦੁਬਾਰਾ ਅਪਰਾਧ ਕਰਨ ਬਾਰੇ ਸੋਚ ਵੀ ਨਾ ਸਕੇ। ਦੇਵਭੂਮੀ ਵਿੱਚ ਇਸ ਤਰ੍ਹਾਂ ਦੀ ਘਟਨਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੈ।