ਦਿੱਲੀ ਨਗਰ ਨਿਗਮ ਦਾ ਬਜਟ ਬੁੱਧਵਾਰ ਨੂੰ ਪੇਸ਼ ਕੀਤਾ ਗਿਆ, ਜਿਸ ਵਿਚ 12,000 ਅਸਥਾਈ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ, ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਵਿਚ 800 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ। ਹੁਣ ਨਿਗਮ ਦੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ‘ਆਪ’ ਪ੍ਰਧਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਐਕਸ’ ਉਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ‘ਆਪ’ ਸੁਪਰੀਮੋ ਨੇ ਅੱਗੇ ਕਿਹਾ ਕਿ ਅਜਿਹਾ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਸਮੂਹ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ।
ਇਸ ਤੋਂ ਪਹਿਲਾਂ ਬਜਟ ਸੈਸ਼ਨ ਦੇ ਆਖਰੀ ਦਿਨ ਐਮਸੀਡੀ ਹਾਊਸ ਵਿੱਚ ਭਾਰੀ ਹੰਗਾਮਾ ਹੋਇਆ। ਬੁੱਧਵਾਰ ਨੂੰ ਐਮਸੀਡੀ ਹਾਊਸ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ‘ਆਪ’ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ।
‘ਆਪ’ ਅਤੇ ਭਾਜਪਾ ਦੇ ਕੌਂਸਲਰ ਮੇਜ਼ਾਂ ਅਤੇ ਕੁਰਸੀਆਂ ‘ਤੇ ਖੜ੍ਹੇ ਹੋ ਗਏ ਅਤੇ ਇਕ ਦੂਜੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਇੱਕ ਬੈਨਰ ਪ੍ਰਦਰਸ਼ਿਤ ਕੀਤਾ ਜਿਸ ਉਤੇ ਲਿਖਿਆ ਸੀ, ‘ਸੰਵਿਧਾਨ ਸਾਡੀ ਪਛਾਣ ਹੈ, ਸੰਵਿਧਾਨ ਦਾ ਕਤਲ ਕਰਨਾ ਬੰਦ ਕਰੋ।’ ਕੌਂਸਲਰ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ, ਕਾਗਜ਼ ਪਾੜਦੇ ਅਤੇ ਇਕ-ਦੂਜੇ ‘ਤੇ ਚੀਜ਼ਾਂ ਸੁੱਟਦੇ ਦੇਖੇ ਗਏ।
ਐਮਸੀਡੀ ਦੇ ਮੇਅਰ ਮਹੇਸ਼ ਖੀਂਚੀ ਨੇ ਦਾਅਵਾ ਕੀਤਾ ਕਿ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਹੋਣ ਦੇ ਬਾਵਜੂਦ ਵਿਰੋਧੀ ਧਿਰ ਨੇ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਾਰਵਾਈ ਵਿੱਚ ਵਿਘਨ ਪਾਇਆ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਵਿਰੋਧੀ ਧਿਰ ਸਦਨ ਦੀ ਕਾਰਵਾਈ ਵਿੱਚ ਲਗਾਤਾਰ ਅੜਿੱਕਾ ਪਾ ਰਹੀ ਹੈ ਅਤੇ ਚਰਚਾ ਹੋਣ ਤੋਂ ਰੋਕ ਰਹੀ ਹੈ। ਉਨ੍ਹਾਂ ਕਿਹਾ, “ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ… ਦਲਿਤ ਮੇਅਰ ਪ੍ਰਤੀ ਅਜਿਹਾ ਵਤੀਰਾ ਅਣਉਚਿਤ ਅਤੇ ਸੰਵਿਧਾਨ ਦੇ ਵਿਰੁੱਧ ਹੈ।”
‘ਆਪ’ ਕੌਂਸਲਰ ਸ਼ਗੁਫਤਾ ਚੌਧਰੀ ਨੇ ਕਿਹਾ, “ਅਸੀਂ ਅੱਜ ਬਿੱਲ ਪਾਸ ਕਰਨਾ ਸੀ ਅਤੇ ਹਫੜਾ-ਦਫੜੀ ਦੇ ਬਾਵਜੂਦ ਅਸੀਂ ਇਸ ਨੂੰ ਪਾਸ ਕਰਨ ਵਿੱਚ ਸਫਲ ਰਹੇ।” ਉਨ੍ਹਾਂ ਕਿਹਾ ਕਿ ਕੌਂਸਲਰ ਆਪਣੇ ਸਵਾਲ ਲੈ ਕੇ ਆਉਂਦੇ ਹਨ ਅਤੇ ਸਦਨ ਵਿੱਚ ਚਰਚਾ ਦੀ ਉਮੀਦ ਕਰਦੇ ਹਨ। ਚੌਧਰੀ ਨੇ ਕਿਹਾ, “ਜੇਕਰ ਸੈਸ਼ਨ ਸੁਚਾਰੂ ਢੰਗ ਨਾਲ ਚੱਲਦਾ ਹੈ, ਤਾਂ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ।”













