ਅਸ਼ਵਨੀ ਸ਼ਰਮਾ ਦਾ ‘ਆਪ’ ਸਰਕਾਰ ‘ਤੇ ਵੱਡਾ ਹਮਲਾ ! ਕਿਹਾ ਪੰਜਾਬ ਬਣਿਆ ਪ੍ਰਦੂਸ਼ਣ ਦਾ ਕੇਂਦਰ

83

ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਪੰਚਾਇਤਾਂ ਨੂੰ ਕੂੜਾ ਪ੍ਰਬੰਧਨ ਲਈ ਜ਼ਿੰਮੇਵਾਰ ਠਹਿਰਾਵੇ ਅਤੇ ਹਰ ਜ਼ਿਲ੍ਹੇ ਵਿਚ “ਵੇਸਟ ਮੈਨੇਜਮੈਂਟ ਟਾਸਕ ਫੋਰਸ” ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਇਹ ਲਹਿਰ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ

ਜਤਿੰਦਰ ਮੋਹਨ, ਪਠਾਨਕੋਟ

ਪ੍ਰਦੂਸ਼ਣ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ  ਦੇ ਕਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਤਿਨ ਸਾਲਾਂ ਵਿੱਚ ਸੂਬੇ ਨੂੰ ਸਾਫ਼ ਕਰਨ ਦੀ ਥਾਂ ਧੂੰਏਂ ਦਾ ਅੱਡਾ ਬਣਾ ਦਿੱਤਾ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਫਗਵਾੜਾ, ਨਵਾਂਸ਼ਹਿਰ, ਮੋਹਾਲੀ, ਖਰੜ, ਨਿਊ ਚੰਡੀਗੜ੍ਹ, ਪਠਾਨਕੋਟ ਅਤੇ ਤਰਨਤਾਰਨ ਜਿਹੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ‘ਤੇ ਪਹੁੰਚ ਗਈ ਹੈ ਪਰ ਸਰਕਾਰ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ। ਲੋਕਾਂ ਦਾ ਸਾਹ ਘੁੱਟ ਰਿਹਾ ਹੈ, ਪਰ ਵਾਤਾਵਰਣ ਵਿਭਾਗ ਅਤੇ ਨਗਰ ਨਿਗਮ ਬੇਪਰਵਾਹ ਬੈਠੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਹਿਰਾਂ ਵਿੱਚ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਠੱਪ ਹੋ ਚੁੱਕੀ ਹੈ। ਨਗਰ ਨਿਗਮਾਂ ਵੱਲੋਂ ਪ੍ਰਬੰਧ ਦੀ ਘਾਟ ਕਾਰਨ ਖੁੱਲ੍ਹੇ ਮੈਦਾਨਾਂ ਵਿੱਚ ਕੂੜਾ ਸਾੜੇਆ ਜਾ ਰੇਹਾ ਹੈ । ਇਸ ਨਾਲ ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਰੀਲੇ ਤੱਤ ਹਵਾ ਵਿੱਚ ਫੈਲ ਰਹੇ ਹਨ, ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਜਿਨ੍ਹਾਂ ਸ਼ਹਿਰਾਂ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਵਾਅਦੇ ਕੀਤੇ ਸਨ, ਉਥੇ ਅੱਜ ਸਮਾਰਟ ਕੂੜਾਘਰ ਹੀ ਦਿਸਦਾ ਹੈ।

ਸ਼ਰਮਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸੂਬੇ ਦੇ ਸਾਰੇ ਨਗਰ ਨਿਗਮਾਂ ਅਤੇ ਪੰਚਾਇਤਾਂ ਨੂੰ ਕੂੜਾ ਪ੍ਰਬੰਧਨ ਲਈ ਜ਼ਿੰਮੇਵਾਰ ਠਹਿਰਾਵੇ ਅਤੇ ਹਰ ਜ਼ਿਲ੍ਹੇ ਵਿਚ “ਵੇਸਟ ਮੈਨੇਜਮੈਂਟ ਟਾਸਕ ਫੋਰਸ” ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਇਹ ਲਹਿਰ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਅਤੇ ਸਰਕਾਰ ਨੂੰ ਇਸਦਾ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਸ਼ਰਮਾ ਨੇ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਸ ਸਰਕਾਰ ਨੇ ਸੂਬੇ ਨੂੰ ਸਾਫ਼-ਸੁਥਰਾ ਕਰਨ ਦਾ ਸੁਪਨਾ ਦਿਖਾਇਆ ਸੀ, ਉਸੇ ਨੇ ਪੰਜਾਬ ਨੂੰ ਧੂੰਏਂ ਦੇ ਧੁੰਦਲੇ ਕਾਲਖ਼ਾਨੇ ਵਿੱਚ ਬਦਲ ਦਿੱਤਾ ਹੈ। ਲੋਕਾਂ ਦੇ ਸਾਹ ਰੁਕ ਰਹੇ ਹਨ ਪਰ ਸਰਕਾਰ ਦੇ ਮੰਤਰੀਆਂ ਨੂੰ ਸਿਰਫ਼ ਪ੍ਰਚਾਰ ਦੀ ਪਈ ਹੈ। ਸ਼ਰਮਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਪ੍ਰਦੂਸ਼ਣ ਨਿਯੰਤਰਣ ਅਤੇ ਕੂੜਾ ਪ੍ਰਬੰਧ ਲਈ ਢੰਗ ਦੀ ਯੋਜਨਾ ਨਾ ਬਣਾਈ ਤਾਂ ਭਾਜਪਾ ਸੂਬਾ ਪੱਧਰੀ ਆੰਦੋਲਨ ਸ਼ੁਰੂ ਕਰੇਗੀ।