ਬਜ਼ੁਰਗ ਮਹਿਲਾ ਤੋਂ ਸੋਨੇ ਦੀ ਵਾਲੀ ਖੋਹ ਕੇ ਭੱਜੇ ਚੋਰ ! ਪਠਾਨਕੋਟ ‘ਚ ਦਹਿਸ਼ਤ ਦਾ ਮਾਹੌਲ

77

ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਸੁੰਦਰਨਗਰ ਦੇ ਰਹਿਣ ਵਾਲੇ ਨੌਜਵਾਨ ਅਤੇ ਉਸਦੇ ਸਾਥੀ ਵਿਰੁੱਧ ਚੋਰੀ ਅਤੇ ਸਾਜ਼ਿਸ਼ ਰਚਣ ਦੇ ਧਾਰਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਆਰੋਪੀ ਫਰਾਰ ਹਨ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਜਤਿੰਦਰ ਮੋਹਨ, ਪਠਾਨਕੋਟ

ਪਠਾਨਕੋਟ ਦੇ ਢਾਕੀ ਚੌਕ ਗ੍ਰੀਨ ਫੀਲਡ ਕਲੋਨੀ ‘ਚ ਦਿਨ ਦਿਹਾੜੇ ਬਜ਼ੁਰਗ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖੋਹਣ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਬਜ਼ੁਰਗ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖੋਹਣ ਵਾਲੇ ਨੌਜਵਾਨ ਦੀ ਪਛਾਣ ਵੀ ਹੋ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ, ਦੋਵੇਂ ਆਰੋਪੀ ਇਸ ਸਮੇਂ ਫਰਾਰ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।

ਢਾਕੀ ਰੋਡ ਦੇ ਪ੍ਰੇਮ ਨਗਰ ਦੀ ਰਹਿਣ ਵਾਲੀ ਰਾਣੀ ਦੇਵੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਧੀ ਸੁਨੀਤਾ ਦੇਵੀ ਨਾਲ ਕੱਪੜੇ ਖਰੀਦਣ ਲਈ ਸਕੂਟਰ ‘ਤੇ ਢਾਕੀ ਰੇਲਵੇ ਫਾਟਕ ਨੇੜੇ ਗਈ ਸੀ। ਖਰੀਦਦਾਰੀ ਤੋਂ ਵਾਪਸੀ ਦੌਰਾਨ ਰੇਲਵੇ ਫਾਟਕ ਬੰਦ ਹੋਣ ਕਾਰਨ ਉਸ ਘਰ ਵੱਲ ਪੈਦਲ ਰਵਾਨਾ ਹੋ ਗਈ। ਜਦੋਂ ਉਹ ਗ੍ਰੀਨ ਫੀਲਡ ਕਲੋਨੀ ਢਾਕੀ ਰੋਡ ‘ਤੇ ਪਹੁੰਚੀ ਤਾਂ ਉਸਨੇ ਆਪਣੀ ਧੀ ਨੂੰ ਦੇਖਣ ਲਈ ਵਾਪਸ ਮੁੜ ਕੇ ਦੇਖਿਆ।

ਇਸੇ ਦੌਰਾਨ ਪਿੱਛੋਂ ਇੱਕ ਨੌਜਵਾਨ ਆਇਆ ਅਤੇ ਮੌਕਾ ਦੇਖ ਕੇ ਉਸਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖੋਹ ਕੇ ਤੇਜ਼ੀ ਨਾਲ ਭੱਜ ਗਿਆ। ਬਜ਼ੁਰਗ ਮਹਿਲਾ ਨੇ ਰੌਲਾ ਪਾਇਆ, ਤਾਂ ਉਸਦੀ ਧੀ ਸੁਨੀਤਾ, ਜੋ ਉਲਟ ਦਿਸ਼ਾ ਤੋਂ ਆ ਰਹੀ ਸੀ, ਨੇ ਉਸ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਬੂ ਨਹੀਂ ਆਇਆ। ਕੁਝ ਦੂਰੀ ‘ਤੇ ਉਸ ਚੋਰ ਨੇ ਇੱਕ ਹੋਰ ਨੌਜਵਾਨ ਦੀ ਮੋਟਰਸਾਈਕਲ ‘ਤੇ ਬੈਠ ਕੇ ਮੌਕੇ ਤੋਂ ਭੱਜਣ ਵਿੱਚ ਸਫ਼ਲਤਾ ਹਾਸਲ ਕਰ ਲਈ।

ਰਾਣੀ ਦੇਵੀ ਅਤੇ ਉਸਦੀ ਧੀ ਨੇ ਤੁਰੰਤ ਹੀ ਘਟਨਾ ਦੀ ਜਾਣਕਾਰੀ ਨੇੜਲੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਦੀ ਜਾਂਚ ਕੀਤੀ ਅਤੇ ਆਸ-ਪਾਸ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਜਾਂਚ ਦੌਰਾਨ ਪਤਾ ਲੱਗਾ ਕਿ ਸੋਨੇ ਦੀ ਵਾਲੀ ਖੋਹਣ ਵਾਲਾ ਨੌਜਵਾਨ ਸੁੰਦਰ ਨਗਰ ਦਾ ਰਹਿਣ ਵਾਲਾ ਹੈ, ਜਦਕਿ ਮੋਟਰਸਾਈਕਲ ਚਲਾਉਣ ਵਾਲਾ ਉਸਦਾ ਸਾਥੀ ਅਜੇ ਅਣਪਛਾਤਾ ਹੈ।

ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਸੁੰਦਰਨਗਰ ਦੇ ਰਹਿਣ ਵਾਲੇ ਨੌਜਵਾਨ ਅਤੇ ਉਸਦੇ ਸਾਥੀ ਵਿਰੁੱਧ ਚੋਰੀ ਅਤੇ ਸਾਜ਼ਿਸ਼ ਰਚਣ ਦੇ ਧਾਰਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਆਰੋਪੀ ਫਰਾਰ ਹਨ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।