Sell-Aid Desk 24/7- ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿਧਾਇਕ ਪਰਮਵੀਰ ਸਿੰਘ ਟੌਹਾਨਾ ਨੇ ਹਰਿਆਣਾ ਵਿਚ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਾਰਕ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਯਾਦ ’ਚ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ। ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਆ ਦੇਣ ਦੇ ਮੰਤਵ ਵਜੋਂ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਕੋਈ ਯੂਨੀਵਰਸਿਟੀ ਵੀ ਬਣਾਈ ਜਾਣੀ ਚਾਹੀਦੀ ਹੈ। ਇਹ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਕਾਂਗਰਸ ਵਿਧਾਇਕ ਭਾਰਤ ਭੂਸ਼ਣ ਬੱਤਰਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਮਨਾਉਣਾ ਚਾਹੀਦਾ ਹੈ। ਵਿਧਾਇਕ ਅਰਜੁਨ ਚੌਟਾਲਾ ਨੇ ਮੰਗ ਕੀਤੀ ਕਿ ਹਰਿਆਣਾ ਵਿੱਚੋਂ ਸਾਰੇ ਗੁਰੂ ਵੱਖ-ਵੱਖ ਥਾਵਾਂ ਤੋਂ ਗੁਜ਼ਰੇ ਸਨ, ਜਿੱਥੋਂ-ਜਿੱਥੋਂ ਵੀ ਗੁਰੂ ਸਾਹਿਬਾਨ ਨਿਕਲੇ ਸਨ, ਉਨ੍ਹਾਂ ਇਲਾਕਿਆਂ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰ ਕੇ ਯਾਦਗਾਰੀ ਮਾਰਗ ਬਣਾਉਣੇ ਚਾਹੀਦੇ ਹਨ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਨਗਰ ਕੀਰਤਨ ਵਾਲੀਆਂ ਥਾਵਾਂ ਤੋਂ ਨਾਲੋਂ-ਨਾਲ ਫਲੈਕਸ ਬੋਰਡ ਉਤਾਰੇ ਗਏ ਸਨ, ਜਦੋਂ ਕਿ ਸਰਕਾਰ ਨੂੰ ਇਹ ਬੋਰਡ ਲੱਗੇ ਰਹਿਣ ਦੇਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਕੂਲਾਂ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਪਡ਼੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀਡ਼੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਚਾਰ ਸਾਹਿਬਜ਼ਾਦਿਆਂ ਦੇ ਨਾਮ ’ਤੇ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ। ਕਾਂਗਰਸੀ ਵਿਧਾਇਕ ਗੀਤਾ ਭੁੱਕਲ ਨੇ ਕਿਹਾ ਕਿ ਹਰਿਆਣਾ ’ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨੂੰ ਅੱਗੇ ਵਧਾਉਣ ਦੀ ਜਰੂਰਤ ਹੈ।













