ਤੰਬਾਕੂ ਕਾਰੋਬਾਰੀ ਦੇ ਪੁੱਤਰ ਨੇ ਰਾਹਗੀਰਾਂ ’ਤੇ ਕਾਰ ਚੜ੍ਹਾਈ, ਛੇ ਜ਼ਖ਼ਮੀ

8

Sell-Aid Desk 24/7- ਇਥੇ ਇਕ ਤੇਜ਼ ਰਫ਼ਤਾਰ ਲੈਂਬੋਰਗਨੀ ਕਾਰ ਜਿਸ ਨੂੰ ਕਥਿਤ ਤੌਰ ’ਤੇ ਤੰਬਾਕੂ ਕਾਰੋਬਾਰੀ ਦਾ ਪੁੱਤਰ ਚਲਾ ਰਿਹਾ ਸੀ, ਨੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਛੇ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।

ਪੁਲੀਸ ਨੇ ਦੱਸਿਆ ਕਿ ਐਫ ਆਈ ਆਰ ਵਿੱਚ ਬੰਸੀਧਰ ਐਕਸਪੋਰਟ ਪ੍ਰਾਈਵੇਟ ਲਿਮਟਿਡ ਦੇ ਮਾਮਲ ਕੇ ਕੇ ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਦਾ ਨਾਂ ਨਹੀਂ ਹੈ ਪਰ ਉਸ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਐਤਵਾਰ ਨੂੰ ਗਵਾਲਟੋਲੀ ਇਲਾਕੇ ਵਿੱਚ ਵੀ ਆਈ ਪੀ ਰੋਡ ’ਤੇ ਵਾਪਰੇ ਇਸ ਭਿਆਨਕ ਹਾਦਸੇ ਨੂੰ ਚੇਤੇ ਕਰਦਿਆਂ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕਾਰ ਨੇ ਪਹਿਲਾਂ ਆਟੋ-ਰਿਕਸ਼ਾ ਨੂੰ ਟੱਕਰ ਮਾਰੀ ਅਤੇ ਮਗਰੋਂ ਖੜ੍ਹੇ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਹਵਾ ਵਿੱਚ ਉਛਲ ਗਿਆ। ਕਾਰ ਮੋਟਰਸਾਈਕਲ ਨੂੰ ਕੁਝ ਦੂਰੀ ਤਕ ਘੜੀਸਦੀ ਹੋਈ ਅੱਗੇ ਖੰਭੇ ਨਾਲ ਟਕਰਾ ਕੇ ਰੁਕ ਗਈ। ਡੀ ਸੀ ਪੀ ਅਤੁਲ ਕੁਮਾਰ ਸ੍ਰੀਵਾਸਤਵਾ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਐਤਵਾਰ ਰਾਤ ਨੂੰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਕਾਰ ਚਾਲਕ ਦੀ ਪਛਾਣ ਸ਼ਿਵਮ ਮਿਸ਼ਰਾ ਵਜੋਂ ਹੋਈ ਹੈ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਜ਼ਖ਼ਮੀਆਂ ਦੇ ਬਿਆਨ ਲਏ ਜਾ ਰਹੇ ਹਨ। ਗਵਾਲਟੋਲੀ ਥਾਣੇ ਦੇ ਇੰਚਾਰਜ ਸੰਤੋਸ਼ ਗੌੜ ਨੇ ਕਿਹਾ ਕਿ ਜਾਂਚ ਵਿੱਚ ਸ਼ਿਵਮ ਮਿਸ਼ਰਾ ਦਾ ਨਾਂ ਸਾਹਮਣੇ ਆਇਆ ਹੈ ਪਰ ਹਾਲੇ ਤਕ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।