ਬਾਘਾ ਪੁਰਾਣਾ ਵਿੱਚ ਸਰਪੰਚ ਦਾ ਕ/ਤਲ

3

Sell-Aid Desk 24/7- ਇੱਥੇ ਕੋਟਕਪੂਰਾ ਰੋਡ ’ਤੇ ਸ਼ੁੱਕਰਵਾਰ ਸਵੇਰੇ ਹਮਲਾਵਰਾਂ ਨੇ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਪਿੰਡ ਪੱਤੋ ਹੀਰਾ ਸਿੰਘ ਦਾ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਰੋਜ਼ਾਨਾ ਦੀ ਤਰ੍ਹਾਂ ਬਾਘਾ ਪੁਰਾਣਾ ਸਥਿਤ ਆਪਣੇ ਹੈਲਥ ਕਲੱਬ ਆਇਆ ਸੀ। ਉਹ ਆਪਣੀ ਥਾਰ ਗੱਡੀ ਰੋਕ ਕੇ ਉਤਰਿਆ ਹੀ ਸੀ ਕਿ ਪਿੱਛੋਂ ਫਾਰਚੂਨਰ ਵਿੱਚ ਸਵਾਰ ਹੋ ਕੇ ਆਏ ਪੰਜ ਜਣਿਆਂ ਨੇ ਉਸ ’ਤੇ ਤਾਬੜ-ਤੋੜ ਫਾਇਰਿੰਗ ਕਰ ਦਿੱਤੀ। ਤਿੰਨ ਜਣਿਆਂ ਨੇ ਗੱਡੀ ’ਚੋਂ ਉਤਰ ਕੇ ਸਰਪੰਚ ਉਤੇ ਕਰੀਬ 15 ਤੋਂ 17 ਗੋਲੀਆਂ ਚਲਾਈਆਂ। ਇਨ੍ਹਾਂ ’ਚੋਂ ਸੱਤ-ਅੱਠ ਗੋਲੀਆਂ ਉਸ ਦੇ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਬਾਘਾ ਪੁਰਾਣਾ ਦੇ ਡੀ ਐੱਸ ਪੀ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਸ-ਪਾਸ ਦੇ ਕੈਮਰਿਆਂ ਦੀ ਫੁਟੇਜ ਦੇਖ ਕੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਸਰਪੰਚ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।