ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਚੁੱਕੇ ਵੱਡੇ ਸਵਾਲ

33

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਇਕੱਠੇ ਕਰਨ ਵਾਲੇ ਹੀ ਅੱਜ ਧੜਿਆਂ ਵਿੱਚ ਪੈ ਕੇ ਵੰਡੀਆਂ ਪਾਉਣ ਲੱਗ ਗਏ ਹਨ। ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੌਰਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੇਵਲ ਇੱਕ ਵਿਸ਼ੇਸ ਅਕਾਲੀ ਦਲ ਦਾ ਹੀ ਮੈਂਬਰ ਕਿਉਂ ਬਣਿਆ ਗਿਆ? ਜਦੋਂ ਕਿ ਅਕਾਲੀ ਦਲ ਤਾਂ ਹੋਰ ਵੀ ਕਈ ਹਨ।

ਯੂਥ ਪ੍ਰਧਾਨ ਨੇ ਕਿਹਾ ਕਿ ਇੱਕ ਸਾਜਿਸ਼ ਤਹਿਤ ਹੀ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਤੇ ਕਮਜ਼ੋਰ ਕਰਨ ਲਈ ਟਾਰਗੇਟ ਕੀਤਾ ਜਾ ਰਿਹਾ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤਲਖੀ ਭਰੇ ਬਿਆਨ ਦਾਗੀਆਂ ਵੱਲੋਂ ਲਿਖੇ ਜਾ ਰਹੇ ਹਨ, ਜਿੰਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਖੜ੍ਹ ਕੇ ਕਿਹਾ ਗਿਆ ਸੀ ਕਿ ਬਾਗੀ ਵੀ ਦਾਗੀ ਹਨ ਤੇ ਹੁਣ ਉਹਨਾਂ ‘ਤੇ ਅਜਿਹਾ ਕਿਹੜਾ ਕੋਡ ਲੱਗ ਗਿਆ ਹੈ?

ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਰਟੀ ਖਿਲਾਫ ਹੀ ਵਾਰ-ਵਾਰ ਕਿਉਂ ਨਫ਼ਰਤ ਭਰੇ ਲਹਿਜੇ ਵਿੱਚ ਆਪਣੀ ਭੜਾਸ ਕੱਢ ਰਹੇ ਹਨ? ਉਹਨਾਂ ਕਿਹਾ ਕਿ ਜੋ ਤਖਤ ਸਾਹਿਬ ‘ਤੇ ਝੂਠ ਬੋਲ ਕੇ ਆਏ, ਉਹਨਾਂ ਖਿਲਾਫ ਸਬੂਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਿੰਨ੍ਹਾਂ ਨੂੰ ਤੁਹਾਡੇ ਵੱਲੋਂ ਦਾਗੀ ਕਿਹਾ ਜਾਂਦਾ ਸੀ, ਉਹਨਾਂ ਤੋਂ ਸਿਰੋਪੇ ਪਵਾਏ ਤੇ ਪਾਏ ਜਾ ਰਹੇ ਹਨ।