13 ਸਾਲਾ ਅਮਨਿੰਦਰ 25 ਦਿਨਾਂ ਤੋਂ ਹੈ ਲਾਪਤਾ, ਪਰਿਵਾਰ ਚਿੰਤਾ ‘ਚ, ਨਹੀਂ ਕੋਈ ਅਤਾ-ਪਤਾ

41

ਮੁਹੱਲਾ ਕੀਰਤੀ ਨਗਰ ਦਾ 13 ਸਾਲਾ ਅਮਨਿੰਦਰ ਸਿੰਘ, ਜੋ ਕਿ ਨਿਊ ਦਸ਼ਮੇਸ਼ ਨਗਰ ‘ਚ ਟਿਊਸ਼ਨ ਪੜ੍ਹਦਾ ਸੀ, ਬੀਤੀ 12 ਮਾਰਚ ਤੋਂ ਆਪਣੇ ਟਿਊਸ਼ਨ ਅਧਿਆਪਕ ਨਾਲ ਸ਼ਿਮਲਾ ਘੁੰਮਣ ਗਿਆ ਸੀ, ਪਰ ਅੱਜ ਤੱਕ ਵਾਪਸ ਨਹੀਂ ਆਇਆ। 25 ਦਿਨਾਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਸ ਦਾ ਕੋਈ ਅਤਾ-ਪਤਾ ਹੈ ਅਤੇ ਨਾ ਹੀ ਟਿਊਸ਼ਨ ਅਧਿਆਪਕ ਨਾਲ ਸੰਪਰਕ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਅਮਨਿੰਦਰ ਇਸ ਤੋਂ ਪਹਿਲਾਂ ਵੀ ਟਿਊਸ਼ਨ ਅਧਿਆਪਕ ਨਾਲ ਘੁੰਮਣ ਚਲਾ ਗਿਆ ਸੀ, ਪਰ ਹਰ ਵਾਰੀ ਸਮੇਂ ਸਿਰ ਵਾਪਸ ਆ ਜਾਂਦਾ ਸੀ। ਇਸ ਵਾਰੀ ਲੰਮੇ ਸਮੇਂ ਤੱਕ ਕੋਈ ਸੰਪਰਕ ਨਾ ਹੋਣ ਕਾਰਨ ਪਰਿਵਾਰ ਵੱਡੀ ਚਿੰਤਾ ‘ਚ ਹੈ।

ਉਨ੍ਹਾਂ ਦੱਸਿਆ ਕਿ ਅਧਿਆਪਕ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਤੇ ਉਹ ਆਖਰੀ ਵਾਰ ਤਿੰਨ ਦਿਨ ਪਹਿਲਾਂ ਮੁੰਬਈ ਦੇ ਇੱਕ ਹੋਟਲ ਵਿੱਚ ਨਜ਼ਰ ਆਏ ਸਨ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਮਨਿੰਦਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਹੋਈ। ਅਮਨਿੰਦਰ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਜਲਦ ਤੋਂ ਜਲਦ ਲੱਭ ਕੇ ਸੁਰੱਖਿਅਤ ਤੌਰ ‘ਤੇ ਪਰਿਵਾਰ ਨੂੰ ਸੌਂਪਿਆ ਜਾਵੇ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਬੱਚੇ ਜਾਂ ਉਸਦੇ ਅਧਿਆਪਕ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ।