Bo/mb Threat: ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀ

7

Sell-Aid Desk 24/7- ਚੰਡੀਗੜ੍ਹ ਅਤੇ ਗੁਰੂਗ੍ਰਾਮ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਸਹਿਮ ਪੈਦਾ ਹੋ ਗਿਆ ਜਦੋਂ ਇੱਥੋਂ ਦੇ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਖਬਰ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਦੇ ਮਾਪੇ ਚੰਡੀਗੜ੍ਹ ਦੇ ਸਕੂਲਾਂ ਦ ਬਾਹਰ ਪੁੱਜ ਗਏ ਹਨ। ਬੰਬ ਦੀ ਧਮਕੀ ਕਾਰਨ ਚੰਡੀਗੜ੍ਹ ਦੇ 90 ਫੀਸਦੀ ਤੋਂ ਵੱਧ ਸਕੂਲ ਖਾਲੀ ਕਰਵਾ ਲਏ ਗਏ ਹਨ ਤੇ ਕਈ ਸਕੂਲਾਂ ਨੇ ਸਕੂਲ ਆ ਰਹੇ ਬੱਚਿਆਂ ਦੀਆਂ ਬੱਸਾਂ ਵੀ ਯੂਟਰਨ ਕਰਵਾ ਦਿੱਤੀਆਂ ਤੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲ ਨਹੀਂ ਹੋਣ ਦਿੱਤਾ।

ਇਨ੍ਹਾਂ ਸਕੂਲਾਂ ਵਿਚ ਜਿਹੜੇ ਬੱਚੇ ਦਾਖਲ ਹੋ ਚੁੱਕੇ ਸਨ ਉਨ੍ਹਾਂ ਨੂੰ ਖੁੱਲ੍ਹੇ ਮੈਦਾਨ ਵਿਚ ਬਿਠਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਛੁੱਟੀ ਹੋਣ ਦਾ ਸੰਦੇਸ਼ ਭੇਜ ਕੇ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲਿਜਾਣ ਲਈ ਕਿਹਾ ਗਿਆ ਹੈ।

ਚੰਡੀਗੜ੍ਹ ਦੇ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੇਕਟਰ-16 ਮਾਡਲ ਸਕੂਲ, ਸੇਕਟਰ-45 ਸੇਂਟ ਸਟੀਫਨ ਸਕੂਲ, ਸੇਕਟਰ-35 ਮਾਡਲ ਸਕੂਲ ਅਤੇ ਸੇਕਟਰ-19 ਦਾ ਮਾਡਲ ਸਕੂਲ ਧਮਕੀ ਮਿਲੀ ਹੈ। ਧਮਕੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਕ ਕਈ ਸਕੂਲਾਂ ਵੱਲੋਂ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਗੁਰੂਗ੍ਰਾਮ ਵਿੱਚ ਧਮਕੀ ਮਿਲਣ ਵਾਲੇ ਸਕੂਲਾਂ ਵਿੱਚ ਡੀ.ਐਲ.ਐਫ. ਫੇਜ਼-1 ਸਥਿਤ ਕੁੰਸਕਾਪਾਲਨ ਸਕੂਲ, ਸੈਕਟਰ-53 ਦਾ ਲਾਂਸਰ ਸਕੂਲ, ਸੈਕਟਰ-64 ਸਥਿਤ ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ ਅਤੇ ਬਾਦਸ਼ਾਹਪੁਰ ਦਾ ਪਾਥਵੇਜ਼ ਵਰਲਡ ਸਕੂਲ ਸ਼ਾਮਲ ਹਨ। ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਸਬੰਧਤ ਥਾਣਾ ਪੁਲੀਸ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚੇ ਅਤੇ ਸਾਰੇ ਸਕੂਲ ਕੰਪਲੈਕਸਾਂ ਵਿੱਚ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਲਾਗੂ ਕਰ ਦਿੱਤੇ ਗਏ।

ਸਾਵਧਾਨੀ ਵਜੋਂ ਸਕੂਲਾਂ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਕੰਪਲੈਕਸਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਐਸ.ਡੀ.ਆਰ.ਐਫ. ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ, ਜੋ ਜਾਂਚ ਵਿੱਚ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਫਿਲਹਾਲ ਕਿਸੇ ਵੀ ਸਕੂਲ ਕੰਪਲੈਕਸ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਪਰ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਜਾਰੀ ਹੈ।

ਈ-ਮੇਲ ਭੇਜਣ ਵਾਲੇ ਦੀ ਪਛਾਣ ਅਤੇ ਧਮਕੀ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਾਈਬਰ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।