Nancy Grewal Death: ਯੂਟਿਊਬਰ ਨੈਨਸੀ ਨੂੰ ਖਾਲਿਸਤਾਨ ਵਿਰੋਧੀ ਵਿਚਾਰਾਂ ਕਾਰਨ ਨਿਸ਼ਾਨਾ ਬਣਾਉਣ ਦਾ ਸ਼ੱਕ

4

Sell-Aid Desk 24/7-  ਕੈਨੇਡਾ ਵਿੱਚ ਲੁਧਿਆਣਾ ਮੂਲ ਦੀ 45 ਸਾਲਾ ਪੰਜਾਬੀ ਮਹਿਲਾ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ ਦੀ ਘਟਨਾ 3 ਮਾਰਚ ਦੀ ਰਾਤ ਨੂੰ ਟੌਡ ਲੇਨ ਇਲਾਕੇ ਵਿੱਚ ਵਾਪਰੀ, ਜਿੱਥੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ ਨੈਨਸੀ ਨੇ ਦਮ ਤੋੜ ਦਿੱਤਾ। ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ, ਇੱਕ ਸੋਸ਼ਲ ਮੀਡੀਆ ਅਕਾਊਂਟ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਨੈਨਸੀ ਨੂੰ ਉਸਦੇ ਖਾਲਿਸਤਾਨ ਵਿਰੋਧੀ ਅਤੇ ਧਰਮ ਬਾਰੇ ਦਿੱਤੇ ਗਏ ਬਿਆਨਾਂ ਕਾਰਨ ਸਜ਼ਾ ਦਿੱਤੀ ਗਈ ਹੈ। ਪੋਸਟ ਵਿੱਚ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੋ ਕੋਈ ਵੀ ਅੰਦੋਲਨ ਦੇ ਖਿਲਾਫ ਬੋਲੇਗਾ, ਉਸ ਦਾ ਇਹੀ ਹਸ਼ਰ ਹੋਵੇਗਾ, ਹਾਲਾਂਕਿ ਪੁਲੀਸ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਨੈਨਸੀ ਗਰੇਵਾਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਸੀ ਅਤੇ ਅਕਸਰ ਸਿਆਸੀ ਤੇ ਸਮਾਜਿਕ ਮੁੱਦਿਆਂ ‘ਤੇ ਆਪਣੀ  ਰਾਏ ਰੱਖਦੀ ਸੀ। ਉਸਦੀ ਮਾਂ, ਛਿੰਦਰਪਾਲ ਕੌਰ ਨੇ ਦੱਸਿਆ ਕਿ ਨੈਨਸੀ ਨੂੰ ਪਿਛਲੇ ਕਾਫੀ ਸਮੇਂ ਤੋਂ ਕੱਟੜਪੰਥੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਪੁਲੀਸ ਨੇ ਇਸ ਹਮਲੇ ਨੂੰ ‘ਟਾਰਗੇਟਿਡ’ (ਸੋਚਿਆ-ਸਮਝਿਆ ਹਮਲਾ) ਦੱਸਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਇਸ ਘਟਨਾ ਨੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।