Punjab Budget 2025 Announcements: ਮਾਨ ਸਰਕਾਰ ਨਸ਼ਾ ਤਸਕਰਾਂ ਦਾ ਸਫਾਇਆ ਕਰਕੇ ‘ਵਸਦਾ ਪੰਜਾਬ’ ਬਣਾ ਰਹੀ ਹੈ: ਹਰਪਾਲ ਚੀਮਾ

30

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਾਲ 2025-26 ਦਾ ਬਜਟ ਪੇਸ਼ ਕਰ ਰਹੇ ਹਨ। ਇਸ ਮੌਕੇ ਵਿੱਤ ਮੰਤਰੀ ਚੀਮਾ ਨੇ ਕਾਂਗਰਸੀ ਅਤੇ ਭਾਜਪਾ-ਅਕਾਲੀ ਸਰਕਾਰੀ ਉਤੇ ਸ਼ਬਦੀ ਵਾਰ ਕੀਤੇ। ਉਨ੍ਹਾਂ  ਕਿਹਾ ਕਾਂਗਰਸ ਅਤੇ ਭਾਜਪਾ ਅਕਾਲੀ ਸਰਕਾਰਾਂ ਨੇ ਖਜ਼ਾਨਾ ਖਾਲੀ ਕਰਕੇ ਪੰਜਾਬ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ, ਮਾਨ ਸਰਕਾਰ ਨੇ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ​​ਬਣਾਉਣ ਲਈ ਕੰਮ ਕੀਤਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਪੰਜਾਬ ਪ੍ਰਤੀ ਵਿਅਕਤੀ ਆਮਦਨ ਵਿੱਚ 15ਵੇਂ ਸਥਾਨ ਉਤੇ ਪਹੁੰਚਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਵਿਕਾਸ ਲਈ 236080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਸਾਲ GSDP 9% ਵਧ ਕੇ ₹8.09 ਲੱਖ ਕਰੋੜ ਹੋ ਗਿਆ; ਵਿੱਤੀ ਸਾਲ 2025-26 ਵਿੱਚ 10% ਵਾਧੇ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ  ਟੈਕਸ ਮਾਲੀਆ 14% ਵਧਿਆ ਹੈ।

ਵਿੱਤ ਮੰਤਰੀ ਅੱਗੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਅਕਾਲੀ ਸਰਕਾਰ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ, ਨਸ਼ੇ ਦੇ ਕਾਰੋਬਾਰ ਨੂੰ ਵਧਣ-ਫੁੱਲਣ ਦਿੱਤਾ। ਅਸੀਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ। ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਜੰਗ ਵਿੱਚ ਮਾਨ ਸਰਕਾਰ ਦਾ ਸਮਰਥਨ ਕਰ ਰਹੇ ਹਨ। ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੁਬੋ ਦਿੱਤਾ, ਹੁਣ ਮਾਨ ਸਰਕਾਰ ਨਸ਼ਾ ਤਸਕਰਾਂ ਨੂੰ ਖਤਮ ਕਰਕੇ “ਵਸਦਾ ਪੰਜਾਬ” ਬਣਾ ਰਹੀ ਹੈ। ਨਸ਼ਾ ਪੰਜਾਬ ਦੀ ਤਰੱਕੀ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ 1 ਮਾਰਚ 2025 ਤੋਂ, “ਯੁੱਧ ਨਸ਼ੇ ਦੇ ਵਿਰੁੱਧ” ਮੁਹਿੰਮ ਸ਼ੁਰੂ ਕੀਤੀ ਗਈ, ਜਿਸਦਾ ਉਦੇਸ਼ ਨਸ਼ੇ ਦੀ ਲਤ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਕੁਝ ਹੀ ਦਿਨਾਂ ਵਿੱਚ, 2,136 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 3,816 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ₹110 ਕਰੋੜ ਦਾ ਬਜਟ, ਜਿਸ ਵਿੱਚ ਬੀਐਸਐਫ ਨਾਲ 5,000 ਹੋਮ ਗਾਰਡ ਤਾਇਨਾਤ ਕੀਤੇ ਜਾਣਗੇ ਅਤੇ ਉੱਨਤ ਐਂਟੀ-ਡਰੋਨ ਸਿਸਟਮ ਲਗਾਏ ਜਾਣਗੇ।

ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਪੰਜਾਬ ਵਿੱਚ ਪਹਿਲੀ ਵਾਰ “ਡਰੱਗ ਜਨਗਣਨਾ” ਕੀਤੀ ਜਾਵੇਗੀ, ਜਿਸ ਲਈ ₹150 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ। ‘ਡਾਇਲ 112’ ਸੇਵਾ ਨੂੰ ਮਜ਼ਬੂਤ ​​ਕਰਨ ਲਈ 758 ਚਾਰ-ਪਹੀਆ ਵਾਹਨ ਅਤੇ 916 ਦੋ-ਪਹੀਆ ਵਾਹਨ ਖਰੀਦੇ ਜਾਣਗੇ, ਜਿਸ ਨਾਲ ਜਵਾਬ ਸਮਾਂ 8 ਮਿੰਟ ਤੱਕ ਘਟੇਗਾ। ਮੋਹਾਲੀ ਵਿੱਚ ਨਵੇਂ ਡਾਇਲ 112 ਹੈੱਡਕੁਆਰਟਰ ਲਈ 53 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਐਮਰਜੈਂਸੀ ਰਿਸਪਾਂਸ ਵਹੀਕਲ ਲਈ 125 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਪਹਿਲਾਂ “ਬਿਮਾਰ ਪੰਜਾਬ” ਸੀ, ਕਾਂਗਰਸ ਅਤੇ ਭਾਜਪਾ-ਅਕਾਲੀ ਸਰਕਾਰਾਂ ਦੌਰਾਨ ਸਿਹਤ ਬੁਨਿਆਦੀ ਢਾਂਚੇ ਦੇ ਨਾਮ ‘ਤੇ ਕੋਈ ਕੰਮ ਨਹੀਂ ਹੋਇਆ, ਹਸਪਤਾਲਾਂ ਦੀ ਹਾਲਤ ਮਾੜੀ ਸੀ ਅਤੇ ਡਾਕਟਰਾਂ ਦੀ ਘਾਟ ਸੀ। ਹੁਣ ਮਾਨ ਸਰਕਾਰ “ਸਿਹਤਮੰਦ ਪੰਜਾਬ” ਬਣਾ ਰਹੀ ਹੈ।

ਸੂਬਾ ਸਰਕਾਰ ਨੇ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਕਵਰ ਹੇਠ ਲਿਆਉਣ ਦਾ ਇਤਿਹਾਸਕ ਫੈਸਲਾ ਲਿਆ। ਪਰਿਵਾਰਾਂ ਲਈ ਬੀਮਾ ਕਵਰ ₹5 ਲੱਖ ਤੋਂ ਵਧਾ ਕੇ ₹10 ਲੱਖ ਕੀਤਾ ਗਿਆ; ‘ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ‘ਸਿਹਤ ਕਾਰਡ’ ਬਣਾਏ ਜਾਣਗੇ, ਇਸ ਪਹਿਲਕਦਮੀ ਲਈ ₹778 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਪਿਛਲੇ ਤਿੰਨ ਸਾਲਾਂ ਵਿੱਚ, 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰੋਜ਼ਾਨਾ 70,000+ ਮਰੀਜ਼ ਆਉਂਦੇ ਹਨ ਅਤੇ ਹੁਣ ਤੱਕ 3 ਕਰੋੜ ਤੋਂ ਵੱਧ ਲਾਭਪਾਤਰੀ ਹੋ ਚੁੱਕੇ ਹਨ। ਬਜਟ ਵਿੱਚ ਆਮ ਆਦਮੀ ਕਲੀਨਿਕਾਂ ਲਈ ₹268 ਕਰੋੜ ਅਲਾਟ ਕੀਤੇ ਗਏ ਹਨ। ‘ਫਰਿਸ਼ਤੇ ਯੋਜਨਾ’ ਤਹਿਤ ਹਾਦਸੇ ਦੇ ਪੀੜਤਾਂ ਦੇ ਇਲਾਜ ਅਤੇ ਵਿੱਤੀ ਸਹਾਇਤਾ ਲਈ 10 ਕਰੋੜ ਰੁਪਏ ਅਲਾਟ ਕੀਤੇ ਗਏ ਹਨ।