Punjab monsoon: ਪੰਜਾਬ ਵਿਚ ਅੱਜ ਮਾਨਸੂਨ ਦਾ ਆਖਰੀ ਦਿਨ, ਜਾਣੋ ਸ਼ਾਮ ਤੋਂ ਬਾਅਦ ਕਿਵੇਂ ਰਹੇਗਾ ਮੌਸਮ…

92

Sell-Aid Desk24/7- ਪੰਜਾਬ ਵਿਚ ਅੱਜ ਤੋਂ ਮੌਸਮ ਨਵੀਂ ਕਰਵਟ ਲੈਣ ਜਾ ਰਿਹਾ ਹੈ। ਸੂਬੇ ਵਿਚ ਮਾਨਸੂਨ ਦਾ ਅੱਜ ਆਖ਼ਰੀ ਦਿਨ ਹੈ। ਅੱਜ 20 ਸਤੰਬਰ ਨੂੰ ਮਾਨਸੂਨ ਵਾਪਸੀ ਸ਼ੁਰੂ ਕਰ ਦੇਵੇਗੀ। ਇਸ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਕਈ ਇਲਾਕਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ।

ਅੱਜ ਤਰਨਤਾਰਨ, ਕਪੂਰਥਲਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਵਿਚ ਵੀ ਮੀਂਹ ਪੈ ਸਕਦਾ ਹੈ।

ਪੰਜਾਬ ਵਿੱਚ ਕੱਲ੍ਹ ਸ਼ਾਮ ਤੋਂ ਹੀ ਬੱਦਲਵਾਈ ਰਹੀ ਅਤੇ ਠੰਢੀਆਂ ਹਵਾਵਾਂ ਚੱਲੀਆਂ। ਕਈ ਥਾਵਾਂ ਉਤੇ ਹਲਕੀ ਬਾਰਿਸ਼ ਵੀ ਹੋਈ। ਇਸ ਕਾਰਨ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ। ਵਿਭਾਗ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਮਾਨਸਾ ਵਿੱਚ 36.2 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਘੱਟ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ। ਪਠਾਨਕੋਟ 20.1 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ।

ਭਾਰਤ ਮੌਸਮ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ 20 ਸਤੰਬਰ ਤੋਂ ਮੌਸਮ ਵਿੱਚ ਮਹੱਤਵਪੂਰਨ ਤਬਦੀਲੀਆਂ ਆਉਣਗੀਆਂ। ਸ਼ਨੀਵਾਰ 20 ਸਤੰਬਰ ਨੂੰ ਸੰਘਣੇ ਬੱਦਲ ਹੋਣਗੇ।

ਹੁਣ ਕਦੋਂ ਪਵੇਗਾ ਮੀਂਹ…
ਸਕਾਈਮੇਟ ਵੈਦਰ ਦੇ ਸੀਨੀਅਰ ਮੌਸਮ ਵਿਗਿਆਨੀ ਡਾ. ਮਹੇਸ਼ ਪਲਾਵਤ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਵਿਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ, ਜਿਸ ਕਾਰਨ ਹਵਾਵਾਂ ਤੇਜ਼ ਹੋਣਗੀਆਂ। ਇਹ ਹਵਾਵਾਂ ਉਲਟ ਦਿਸ਼ਾਵਾਂ ਵਿੱਚ ਵਗਣਗੀਆਂ। ਇਹ ਪੱਛਮੀ ਅਤੇ ਪੂਰਬੀ ਹਵਾਵਾਂ ਹੋਣਗੀਆਂ, ਜੋ ਆਪਸ ਵਿਚ ਟਕਰਾਉਣਗੀਆਂ, ਜਿਸ ਵਿਚ ਪੱਛਮੀ ਹਵਾਵਾਂ ਨਰਮ ਹੋ ਜਾਣਗੀਆਂ। ਇਸ ਨਾਲ ਮੌਸਮ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ।