ਜਿਵੇਂ-ਜਿਵੇਂ ਮਾਰਚ ਦਾ ਮਹੀਨਾ ਨੇੜੇ ਆ ਰਿਹਾ ਹੈ, ਬਹੁਤ ਸਾਰੇ ਰਾਜ ਇਨ੍ਹੀਂ ਦਿਨੀਂ ਗਰਮੀ ਦਾ ਸਾਹਮਣਾ ਕਰ ਰਹੇ ਹਨ। ਖਾਸ ਕਰਕੇ ਉੜੀਸਾ ਵਰਗੇ ਪੂਰਬੀ ਰਾਜ ਵਿਚ ਅੱਤ ਦੀ ਗਰਮੀ ਹੋ ਗਈ ਹੈ। ਗਰਮੀ ਕਾਰਨ ਲੋਕ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹਨ। ਸੂਬੇ ਦਾ ਤਾਪਮਾਨ ਪਹਿਲਾਂ ਹੀ 34 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ ਅਤੇ ਨਮੀ 43 ਫੀਸਦੀ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ ‘ਚ ਬੱਚਿਆਂ ਨੂੰ ਇਸ ਗਰਮੀ ਤੋਂ ਬਚਾਉਣ ਲਈ ਸਰਕਾਰ ਨੇ ਸਕੂਲਾਂ ਦੇ ਸਮੇਂ ‘ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।
ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਾ ਸਮਾਂ ਬਦਲਿਆ
ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ। ਉੜੀਸਾ ਸਰਕਾਰ ਦੇ ਆਪਦਾ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਫਿਲਹਾਲ ਸਕੂਲੀ ਪ੍ਰੀਖਿਆਵਾਂ 27 ਮਾਰਚ ਤੱਕ ਜਾਰੀ ਰਹਿਣਗੀਆਂ। ਅਜਿਹੇ ‘ਚ ਨਵੇਂ ਵਿੱਦਿਅਕ ਸੈਸ਼ਨ ਦੀਆਂ ਕਲਾਸਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਕਦਮ ਵਧੀ ਗਰਮੀ ਕਾਰਨ ਕਲਾਸਾਂ ਸਵੇਰੇ ਜਲਦੀ ਲੱਗਣਗੀਆਂ।
ਆਂਗਣਵਾੜੀ ਕੇਂਦਰ ਵੀ ਗਰਮੀਆਂ ਦੌਰਾਨ ਸਵੇਰੇ 7 ਤੋਂ 9 ਵਜੇ ਤੱਕ ਚੱਲਣਗੇ। ਪੁਜਾਰੀ ਨੇ ਕਿਹਾ ਕਿ ਸੂਬੇ ਦੇ ਕਈ ਇਲਾਕਿਆਂ ‘ਚ ਤਾਪਮਾਨ ਆਮ ਨਾਲੋਂ ਇਕ ਮਹੀਨਾ ਪਹਿਲਾਂ ਹੀ ਵਧਣਾ ਸ਼ੁਰੂ ਹੋ ਗਿਆ ਹੈ। ਬੋਧ, ਸੰਬਲਪੁਰ, ਝਾਰਸੁਗੁੜਾ, ਬਰਗੜ੍ਹ, ਬੋਲਾਂਗੀਰ ਅਤੇ ਸੁੰਦਰਗੜ੍ਹ ਵਰਗੇ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਚੱਲ ਰਹੀ ਹੈ, ਜਦੋਂ ਕਿ ਤੱਟਵਰਤੀ ਖੇਤਰਾਂ ਵਿੱਚ ਨਮੀ ਦੇਖਣ ਨੂੰ ਮਿਲ ਰਹੀ ਹੈ।
ਗਰਮੀ ਤੋਂ ਬਚਾਅ ਲਈ ਕਦਮ ਚੁੱਕੇ ਜਾਣਗੇ
ਮੰਤਰੀ ਨੇ ਅੱਗੇ ਕਿਹਾ, “ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਗਰਮੀ ਦੀ ਲਹਿਰ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕਣ ਲਈ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹਾ ਕੁਲੈਕਟਰਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਕੁਲੈਕਟਰਾਂ ਨੂੰ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕੀਤੇ ਬਿਨਾਂ ਸਥਾਨਕ ਲੋੜਾਂ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਪਿਛਲੇ 10 ਸਾਲਾਂ ਵਿੱਚ ਸਨਸਟ੍ਰੋਕ ਕਾਰਨ 330 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਸੀਂ ਅਧਿਕਾਰੀਆਂ ਨੂੰ ਸਨਸਟ੍ਰੋਕ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਆਰਾਮ ਕਰਨ ਲਈ ਸੜਕਾਂ ਕਿਨਾਰੇ ਥਾਂ ਬਣਾਈ ਜਾਵੇਗੀ। ਪੰਚਾਇਤੀ ਰਾਜ ਵਿਭਾਗ ਨੇ ਪੀਣ ਵਾਲੇ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਵਿੱਚ ਨਵੇਂ ਟਿਊਬਵੈੱਲਾਂ ਲਈ 300 ਕਰੋੜ ਰੁਪਏ ਪਹਿਲਾਂ ਹੀ ਪਾਸ ਕੀਤੇ ਹਨ। ਜੇਕਰ ਲੋੜ ਪਈ ਤਾਂ ਹੋਰ ਫੰਡ ਦਿੱਤੇ ਜਾਣਗੇ। ਨਾਲ ਹੀ ਬਿਜਲੀ ਸਬੰਧੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਊਰਜਾ ਵਿਭਾਗ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਕੱਟਾਂ ਤੋਂ ਬਚਣ ਲਈ ਕਿਹਾ ਗਿਆ ਹੈ।













