Tarn Taran News : ਡਰੋਨ ਰਾਹੀਂ ਸਰਹੱਦੀ ਪਿੰਡ ਡੱਲ ’ਚ ਸੁੱਟੀ ਹੈਰੋਇਨ ਦੀ ਖੇਪ ਬਰਾਮਦ

24

Sell-Aid Desk 24/7- ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਵਿਖੇ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਹੈਰੋਇਨ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਨੇ ਬਰਾਮਦ ਕੀਤੀ ਹੈ। ਜਿਸ ਨੂੰ ਕਬਜੇ ਵਿਚ ਲੈ ਕੇ ਪੁਲਿਸ ਨੇ ਉਕਤ ਖੇਪ ਮੰਗਵਾਉਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਦਲੇਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਡੱਲ ਦੇ ਖੇਤਾਂ ਵਿਚ ਡ੍ਰੋਨ ਦੀ ਮਦਦ ਨਾਲ ਕੁੱਝ ਸੁੱਟਿਆ ਗਿਆ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬੀਐੱਸਐੱਫ ਦੀ 65 ਬਟਾਲੀਅਨ ਦੇ ਕੰਪਨੀ ਕਮਾਂਡਰ ਸੰਦੀਪ ਕਰਕੇਟਾ ਨੂੰ ਜਾਣਕਾਰੀ ਦਿੱਤੀ।

ਇਸ ਉਪਰੰਤ ਖੇਤ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਇਕ ਪੈਕੇਟ ਬਰਾਮਦ ਹੋਇਆ, ਜਿਸ ਵਿੱਚੋਂ 509 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ’ਤੇ ਕਾਰਵਾਈ ਕੀਤੀ ਗਈ ਹੈ ਪਰ ਜਲਦ ਹੀ ਇਸ ਖੇਪ ਨੂੰ ਮੰਗਵਾਉਣ ਵਾਲੇ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।