Weather Alert: ਅਗਲੇ ਦੋ ਦਿਨ ਸਾਵਧਾਨ!, IMD ਨੇ ਜਾਰੀ ਕਰ ਦਿੱਤਾ ਅਲਰਟ…

39

ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ-NCR ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦੇ ਅਨੁਸਾਰ ਇਸ ਸਮੇਂ ਦੌਰਾਨ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਪਏ ਮੀਂਹ ਤੋਂ ਬਾਅਦ 28 ਫਰਵਰੀ ਅਤੇ 1 ਮਾਰਚ ਨੂੰ ਤੇਜ਼ ਹਨੇਰੀ ਦੇ ਨਾਲ-ਨਾਲ ਲੋਕਾਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਪਾਰਾ ਇਕਦਮ ਡਿੱਗ ਜਾਵੇਗਾ।

ਪੰਜਾਬ, ਹਰਿਆਣਾ ਬਾਰੇ ਭਵਿੱਖਬਾਣੀ?
ਇਸ ਦੇ ਨਾਲ ਹੀ ਆਈਐਮਡੀ ਨੇ ਪੰਜਾਬ, ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਕਿਹਾ ਹੈ ਕਿ ਬਹਾਦਰਗੜ੍ਹ, ਕੁਰੂਕਸ਼ੇਤਰ, ਕੈਥਲ, ਕਰਨਾਲ, ਰਾਜੌਂਦ, ਸਫੀਦੋਂ, ਜੀਂਦ, ਪਾਣੀਪਤ, ਗੋਹਾਨਾ, ਹਾਂਸੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਐਸਏਐਸ ਨਗਰ ਅਤੇ ਰੂਪਨਗਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਿਜਲੀ, ਗੜ੍ਹੇਮਾਰੀ, ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਅਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਬਦਲਦੇ ਮੌਸਮ ਦਾ ਅਸਰ ਲੋਕਾਂ ਦੇ ਜਨ-ਜੀਵਨ ਵਿੱਚ ਦੇਖਣ ਨੂੰ ਮਿਲੇਗਾ। ਦਿਨ ਵੇਲੇ ਤੇਜ਼ ਗਰਮੀ ਅਤੇ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਧਰ, ਭਾਰੀ ਬਾਰਸ਼ ਕਾਰਨ ਗੁਰਦਾਸਪੁਰ ਦੇ ਮਕੌੜਾ ਪੱਤਣ ‘ਤੇ ਬਣਿਆ ਆਰਜ਼ੀ ਪੁਲ ਟੁੱਟ ਗਿਆ ਹੈ। ਭਾਰੀ ਮੀਂਹ ਤੋਂ ਬਾਅਦ ਰਾਵੀ ‘ਚ ਪਾਣੀ ਦਾ ਪੱਧਰ ਇਕਦਮ ਵਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਆਰਜ਼ੀ ਪੁਲ ਪਾਸੇ ਤੋਂ ਟੁੱਟ ਗਿਆ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ਉਤੇ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਦਰਿਆ ਦੇ ਪਰਲੇ ਪਾਸੇ ਅੱਧੀ ਦਰਜਨ ਪਿੰਡ ਤੂਰ, ਚੇਬੇ, ਭਰਿਆਲ, ਲਸਿਆਣ, ਮੰਮੀ ਚਕਰੰਜਾ ਆਦਿ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਪਲਟੂਨ ਪੁਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿਚ ਆਉਣਾ ਕਾਰਨ ਰੁੜ੍ਹ ਗਿਆ ਹੈ। ਇਸ ਕਾਰਨ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਹੈ ਅਤੇ ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ।

ਹਿਮਾਚਲ ਪ੍ਰਦੇਸ਼ ਵਿਚ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਹਿਮਾਚਲ ‘ਚ ਭਾਰੀ ਮੀਂਹ ਤੋਂ ਬਾਅਦ ਕੁੱਲੂ ‘ਚ ਤਬਾਹੀ ਮਚ ਗਈ ਹੈ। ਭੂਤਨਾਥ ਡਰੇਨ ‘ਚ ਕਈ ਵਾਹਨ ਰੁੜ੍ਹ ਗਏ ਹਨ। ਕੁੱਲੂ ਦੇ ਗਾਂਧੀ ਨਗਰ ਵਿੱਚ ਮਲਬੇ ਹੇਠ ਕਈ ਵਾਹਨ ਦੱਬੇ ਗਏ ਹਨ। ਇਥੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਿਮਾਚਲ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ।