ਫ਼ਿਰੋਜ਼ਪੁਰ ਦੇ ਮੱਲਾਂਵਾਲਾ ‘ਚ ਸਿਹਤ ਵਿਭਾਗ ਅਤੇ ਸੀਆਈਏ ਸਟਾਫ਼ ਵੱਲੋਂ ਜੈਮਲਵਾਲਾ ਰੋਡ ‘ਤੇ ਸਥਿਤ ਇੱਕ ਕੈਮਿਸਟ ਦੀ ਦੁਕਾਨ ‘ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ, ਜਿਸ ਵਿੱਚ ਪਤਾ ਲੱਗਾ ਕਿ ਕੈਮਿਸਟ ਬਿਨਾ ਕਿਸੇ ਲਾਇਸੈਂਸ ਅਤੇ ਬਿਨਾ ਪਰਚੇਜ਼ ਬਿਲ ਦੇ ਨਸ਼ੀਲੀਆਂ ਦਵਾਈਆਂ ਵੇਚਣ ਦੀ ਗ਼ੈਰਕਾਨੂੰਨੀ ਗਤੀਵਿਧੀ ‘ਚ ਲਿਪਤ ਸੀ। ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਅਗਵਾਈ ‘ਚ ਹੋਈ ਇਸ ਕਾਰਵਾਈ ਦੌਰਾਨ, 12 ਤਰਾਂ ਦੀਆਂ ਨਸ਼ੀਲੀਆਂ ਦਵਾਈਆਂ ਕਬਜ਼ੇ ਵਿੱਚ ਲੈਣ ਤੋਂ ਬਾਅਦ ਦੁਕਾਨ ਦੇ ਮਾਲਕ ਕੁਲਦੀਪ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ।
ਡਰੱਗ ਇੰਸਪੈਕਟਰ ਨੇ ਦੱਸਿਆ ਕਿ ਇਹ ਦਵਾਈਆਂ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਸੂਚੀ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਦੀ ਖੁੱਲ੍ਹੀਂ ਵਿੱਕਰੀ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੈਮਿਸਟ ਕੋਲ ਨਸ਼ੀਲੀਆਂ ਦਵਾਈਆਂ ਵੇਚਣ ਲਈ ਕੋਈ ਅਧਿਕਾਰਤ ਮਨਜ਼ੂਰੀ ਨਹੀਂ ਸੀ। ਪੁਲਿਸ ਨੇ ਦਵਾਈਆਂ ਨੂੰ ਸੀਲ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਤਕ ਕਿ ਉਕਤ ਕੈਮਿਸਟ ਨੇ ਬਿਨਾ ਕਿਸੇ ਨਿਯਮ ਦੀ ਪਰਵਾਹ ਕੀਤੇ, ਦਵਾਈਆਂ ਦੀ ਵਿੱਕਰੀ ਜਾਰੀ ਰੱਖੀ। ਅਧਿਕਾਰੀਆਂ ਮੁਤਾਬਿਕ, ਨਸ਼ੀਲੀਆਂ ਦਵਾਈਆਂ ਦੀ ਗ਼ੈਰਕਾਨੂੰਨੀ ਵਿੱਕਰੀ ‘ਤੇ ਪੂਰੀ ਤਰਾਂ ਲਗਾਮ ਲਗਾਉਣ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਜੋ ਨਸ਼ੇ ਦੀ ਗ਼ੈਰਕਾਨੂੰਨੀ ਵਪਾਰ ‘ਚ ਸ਼ਾਮਲ ਹਨ ਕਿ ਇਨ੍ਹਾਂ ਗਤੀਵਿਧੀਆਂ ‘ਚ ਪਾਏ ਜਾਣ ‘ਤੇ ਕਾਨੂੰਨੀ ਕਾਰਵਾਈ ਤੋਂ ਬਚਣਾ ਮੁਸ਼ਕਲ ਹੋਵੇਗਾ।













