Sell-Aid Desk 24/7- ਪੁਲੀਸ ਨੇ ਅੱਜ ਦੋਰਾਂਗਲਾ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਐੱਫ ਆਈ ਆਰ ਵਿੱਚ ਗੈ਼ਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਤਹਿਤ ਦੋਸ਼ ਜੋੜ ਦਿੱਤੇ ਹਨ, ਜੋ ਕੌਮਾਂਤਰੀ ਸਰਹੱਦ ਨੇੜੇ ਏ ਐੱਸ ਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਹੱਤਿਆ ਨਾਲ ਸਬੰਧਤ ਹੈ। ਗੁਰਦਾਸਪੁਰ ਪੁਲੀਸ ਦਾਅਵਾ ਕਰਦੀ ਰਹੀ ਹੈ ਕਿ ਤਿੰਨੇ ਮੁਲਜ਼ਮ ਰਣਜੀਤ ਸਿੰਘ, ਇੰਦਰਜੀਤ ਸਿੰਘ ਅਤੇ ਦਿਲਾਵਰ ਸਿੰਘ ਦੇ ਪਾਕਿਸਤਾਨ ਸਥਿਤ ਜਾਸੂਸੀ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ ਐੱਸ ਆਈ) ਨਾਲ ਸਬੰਧ ਹਨ।
ਦਿਲਾਵਰ ਅਤੇ ਇੰਦਰਜੀਤ ਗ੍ਰਿਫ਼ਤਾਰ ਹਨ। ਉਧਰ, ਦੋਰਾਂਗਲਾ ਪੁਲੀਸ ਸਟੇਸ਼ਨ ਅਧੀਨ ਆਦੀਆਂ ਪੁਲੀਸ ਪੋਸਟ ’ਤੇ ਦੋ ਪੁਲੀਸ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿੱਚ 25 ਫਰਵਰੀ ਨੂੰ ਕਥਿਤ ਪੁਲੀਸ ਮੁਕਾਬਲੇ ਵਿੱਚ ਮਾਰੇ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਪਿੰਡ, ਹੋਰ ਧਾਰਮਿਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਇਕੱਠ ਦੌਰਾਨ ਬਣੀ ਐਕਸ਼ਨ ਕਮੇਟੀ ਨੇ ਵੱਡਾ ਫ਼ੈਸਲਾ ਲਿਆ ਹੈ। ਆਗੂਆਂ ਨੇ ਕਿਹਾ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਹਾਲੇ ਨਹੀਂ ਕੀਤਾ ਜਾਵੇਗਾ। ਇਸ ਸਬੰਧੀ 9 ਮਾਰਚ ਨੂੰ ਡੀ ਸੀ ਦਫ਼ਤਰ ਗੁਰਦਾਸਪੁਰ ਦਾ ਘਿਰਾਓ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਮ੍ਰਿਤਕ ਰਣਜੀਤ ਸਿੰਘ (19) ਦੇ ਤਾਇਆ ਹਰਵਿੰਦਰ ਸਿੰਘ ਮੱਲ੍ਹੀ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੇ ਮੁਕਾਬਲੇ ਵਿੱਚ ਸ਼ਾਮਲ ਸਾਰੇ ਪੁਲੀਸ ਅਧਿਕਾਰੀਆਂ ’ਤੇ ਪਹਿਲਾਂ ਕਤਲ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਜਾਵੇ, ਫਿਰ ਹੀ ਅੰਤਿਮ ਸੰਸਕਾਰ ਬਾਰੇ ਸੋਚਿਆ ਜਾਵੇਗਾ। ਪਰਿਵਾਰ ਦਾ ਕਹਿਣਾ ਹੈ ਕਿ ਪੁੱਛ ਪੜਤਾਲ ਦੌਰਾਨ ਰਣਜੀਤ ਦੇ ਮਾਰੇ ਜਾਣ ਮਗਰੋਂ ਘਬਰਾਏ ਹੋਏ ਪੁਲੀਸ ਵਾਲਿਆਂ ਨੇ ਝੂਠਾ ਮੁਕਾਬਲਾ ਕੀਤਾ।
ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੀ ਜੀ ਆਈ ਡਾਕਟਰਾਂ ਵੱਲੋਂ ਦੂਜਾ ਪੋਸਟਮਾਰਟਮ ਕਰਵਾਉਣ ਲਈ ਨਿਰਦੇਸ਼ ਦੇਣ ਲਈ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਕੱਲ੍ਹ ਪਟੀਸ਼ਨ ’ਤੇ ਸੁਣਵਾਈ ਕਰੇਗੀ। ਪਰਿਵਾਰ ਨੇ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ, ਭਾਵੇਂ ਕਿ ਗੁਰਦਾਸਪੁਰ ਦੇ ਚੀਫ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐੱਮ) ਨੇ ਸਿਵਲ ਹਸਪਤਾਲ ਵਿੱਚ ਉਸ ਦੀ ਆਪਣੀ ਮੌਜੂਦਗੀ ਵਿੱਚ ਪੋਸਟਮਾਰਟਮ ਕਰਵਾਇਆ ਸੀ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਕਿਸਾਨ ਯੂਨੀਅਨਾਂ ਦੇ ਮੈਂਬਰ ਪਿੰਡ ਆਦੀਆਂ ਵਿੱਚ ਰਣਜੀਤ ਸਿੰਘ ਦੇ ਘਰ ਡੇਰਾ ਲਾ ਕੇ ਬੈਠੇ ਹਨ।











