ਹੁਣ ਬਿਹਾਰ ਵਿਚ ਸਕੂਲੀ ਬੱਚੇ ਆਟੋ ਅਤੇ ਈ-ਰਿਕਸ਼ਾ ਰਾਹੀਂ ਸਕੂਲ ਨਹੀਂ ਜਾ ਸਕਣਗੇ। ਰਾਜ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਵੱਡਾ ਫੈਸਲਾ ਲਿਆ ਹੈ। ਟਰਾਂਸਪੋਰਟ ਵਿਭਾਗ ਅਤੇ ਬਿਹਾਰ ਪੁਲਿਸ ਹੈੱਡਕੁਆਰਟਰ ਵੱਲੋਂ ਸਾਂਝੇ ਤੌਰ ‘ਤੇ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ 1 ਅਪ੍ਰੈਲ 2025 ਤੋਂ ਸਕੂਲੀ ਬੱਚਿਆਂ ਲਈ ਆਟੋ ਅਤੇ ਈ-ਰਿਕਸ਼ਾ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਸੂਬੇ ‘ਚ ਵਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਹੁਕਮਾਂ ਮੁਤਾਬਕ ਆਟੋ ਅਤੇ ਈ-ਰਿਕਸ਼ਾ ‘ਚ ਬੱਚਿਆਂ ਦੀ ਸੁਰੱਖਿਆ ਲਈ ਕੋਈ ਖਾਸ ਪ੍ਰਬੰਧ ਨਹੀਂ ਹਨ। ਅਕਸਰ ਇਨ੍ਹਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਹੁੰਦੀ ਨਜ਼ਰ ਆਉਂਦੀ ਹੈ। ਬਿਹਾਰ ਵਿਚ ਹਾਲ ਹੀ ਦੇ ਸਾਲਾਂ ਵਿੱਚ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਆਟੋ ਅਤੇ ਈ-ਰਿਕਸ਼ਾ ਨਾਲ ਕਈ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਅਤੇ ਮਾਪਿਆਂ ਵਿੱਚ ਚਿੰਤਾ ਵਧ ਗਈ ਹੈ। ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਇਹ ਪਾਬੰਦੀ ਬੱਚਿਆਂ ਦੀ ਜਾਨ ਬਚਾਉਣ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ।
ਹਾਲਾਂਕਿ, ਇਸ ਫੈਸਲੇ ਨਾਲ ਰਾਜ ਭਰ ਦੇ ਹਜ਼ਾਰਾਂ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪਟਨਾ ਵਰਗੇ ਸ਼ਹਿਰਾਂ ਵਿਚ ਸਕੂਲੀ ਬੱਚਿਆਂ ਨੂੰ ਲਿਜਾਣ ਲਈ ਲਗਭਗ 4000 ਆਟੋ ਕੰਮ ਕਰਦੇ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਦਲਵੇਂ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਦੂਜੇ ਪਾਸੇ ਹੁਣ ਸੁਰੱਖਿਅਤ ਅਤੇ ਲਾਇਸੈਂਸ ਵਾਲੇ ਵਾਹਨਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੋਵੇਗੀ।
ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਜ ਕੁਮਾਰ ਝਾਅ ਅਤੇ ਆਟੋ ਰਿਕਸ਼ਾ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਪੱਪੂ ਯਾਦਵ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਟਰਾਂਸਪੋਰਟ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਨੂੰ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।













