ਹੋਲਾ ਮਹੱਲਾ ਉਤਸ਼ਾਹ ਨਾਲ ਮਨਾਇਆ

4

Sell-Aid Desk 24/7- ਇੱਥੇ ਹੋਲਾ ਮਹੱਲਾ ਸ਼ਰਧਾ, ਜੋਸ਼ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ। ਇਸ ਮੌਕੇ ਦੇਸ਼, ਵਿਦੇਸ਼ ਤੋਂ ਆਈਆਂ ਲੱਖਾਂ ਸੰਗਤਾਂ ਨੇ ਤਖ਼ਤ ਕੇਸਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ। ਹੋਲਾ ਮਹੱਲੇ ਦੇ ਆਖਰੀ ਦਿਨ ਤਖ਼ਤ ਕੇਸਗੜ੍ਹ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਬੋਧਨ ਕੀਤਾ ਗਿਆ। ਇਸ ਉਪਰੰਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੱਲਾ ਸਜਾਇਆ ਗਿਆ। ਇਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਐਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ ਵੀ ਹਾਜ਼ਰ ਸਨ। ਸਮਾਗਮ ਦਾ ਕੇਂਦਰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਸਜਾਇਆ ਮਹੱਲਾ ਰਿਹਾ। ਇਸ ਮਹੱਲੇ ਦੀ ਅਗਵਾਈ ਪ੍ਰਮੁੱਖ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵੱਲੋਂ ਕੀਤੀ ਗਈ, ਜਦਕਿ ਤਰਨਾ ਦਲ ਹਰੀਆਂ ਵੇਲਾਂ, ਦਸਮੇਸ਼ ਤਰਨਾ ਦਲ, ਦਲ ਬਾਬਾ ਬਿਧੀ ਚੰਦ ਅਤੇ ਹੋਰ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਨੇ ਆਪਣੇ ਦਲਾਂ ਸਣੇ ਹਾਜ਼ਰੀ ਭਰੀ। ਗੁਰਦੁਆਰਾ ਸ਼ਹੀਦੀ ਬਾਗ ਤੋਂ ਸ਼ੁਰੂ ਹੋਇਆ ਮਹੱਲਾ ਨਵੀਂ ਆਬਾਦੀ, ਬੱਸ ਅੱਡੇ, ਹੋਲਗੜ੍ਹ ਤੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪੁੱਜਿਆ, ਜਿੱਥੇ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਘੋੜਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ ਅਤੇ ਗਤਕੇ ਦੇ ਕਰਤੱਵਾਂ ਦਾ ਸੰਗਤ ਨੇ ਖੂਬ ਆਨੰਦ ਮਾਣਿਆ।

ਇਸ ਮੌਕੇ ਕੁਝ ਘੋੜਿਆਂ ਦੇ ਅੱਗੇ ਆਉਣ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋਏ। ਮਹੱਲੇ ਵਿੱਚ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਵਾਲੇ, ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ, ਬਾਬਾ ਅਵਤਾਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ, ਅੰਤਰਰਾਸ਼ਟਰੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮਲੂਕ ਸਿੰਘ ਲਾਡੀ ਮੌਜੂਦ ਸਨ। ਹੋਲਾ ਮਹੱਲਾ ਦੇ ਸਮਾਗਮ ਦੌਰਾਨ ਪੂਰਾ ਸ਼ਹਿਰ ਗੁਰਬਾਣੀ ਕੀਰਤਨ, ਅਰਦਾਸ ਅਤੇ ਨਗਾਰਿਆਂ ਦੀ ਧੁਨ ਨਾਲ ਗੂੰਜਦਾ ਰਿਹਾ। ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ਰਧਾਲੂਆਂ ਵੱਲੋਂ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਗਏ।